ਕਾਰ ਸਵਾਰਾਂ ਵੱਲੋਂ ਦੋ ਨੌਜਵਾਨਾਂ ’ਤੇ ਹਮਲਾ
ਮੁੱਖ ਮੰਤਰੀ ਦੀ ਕੋਠੀ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਸਥਿਤ ਪਿੰਡ ਸੋਹੀਆਂ ਖੁਰਦ ਵਿੱਚ ਅੱਜ ਸਵੇਰੇ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਕਾਰ ਸਵਾਰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋ ਨੌਜਵਾਨਾਂ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ। ਜ਼ਖ਼ਮੀ ਨੌਜਵਾਨਾਂ ਨੂੰ ਇੱਥੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਉਹ ਦੋਵੇਂ ਚਾਚੇ-ਤਾਏ ਦੇ ਪੁੱਤਰ ਹਨ। ਸੰਗਰੂਰ ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ੇਰੇ ਇਲਾਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਪਿੰਡ ਦਾ ਲੜਕਾ ਕਾਲਾ ਉਸ ਨੂੰ ਘਰੋਂ ਬੁਲਾ ਕੇ ਬਾਹਰ ਲੈ ਗਿਆ। ਇਸ ਮਗਰੋਂ ਗਲੀ ਵਿੱਚ ਖੜ੍ਹੇ ਚਾਰ ਕਾਰ ਸਵਾਰਾਂ ਨੇ ਉਸ ਦੀ ਲੱਤ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਜ਼ਖ਼ਮੀਂ ਕਰ ਦਿੱਤਾ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਰੌਲਾ ਪੈਣ ’ਤੇ ਉਸ ਦੇ ਤਾਏ ਦਾ ਪੁੱਤਰ ਜਗਸੀਰ ਸਿੰਘ ਉਸ ਨੂੰ ਛੁਡਾਉਣ ਆਇਆ ਤਾਂ ਹਮਲਾਵਰਾਂ ਨੇ ਉਸ ਦੇ ਸਿਰ ਵਿੱਚ ਇੱਟ ਮਾਰ ਦਿੱਤੀ।
ਉਸ ਨੇ ਕਿਹਾ ਕਿ ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ। ਮੁਲਜ਼ਮਾਂ ਨੇ ਫ਼ਰਾਰ ਹੋਣ ਮੌਕੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਡੀਐੱਸਪੀ (ਆਰ) ਸੰਗਰੂਰ ਸੁਖਦੇਵ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਚਾਰ ਜਣਿਆਂ ਖ਼ਿਲਾਫ਼ ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਪਛਾਣ ਕਰ ਲਈ ਹੈ, ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।