ਪੰਜਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ
ਇੱਥੇ ਕੂਲ ਰੋਡ ’ਤੇ ਪੰਜਾਬ ਨੈਸ਼ਨਲ ਬੈਂਕ ਅਤੇ ਪੁਰਾਣੇ ਈ ਡੀ ਦਫ਼ਤਰ ਦੀ ਇਮਾਰਤ ’ਤੇ ਸਫੈਦੀ ਕਰ ਰਹੇ ਦੋ ਮਜ਼ਦੂਰਾਂ ਦੀ ਪੰਜਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਫੈਦੀ ਮੌਕੇ ਦੋਵਾਂ ਨੇ ਸੇਫਟੀ ਬੈਲਟ ਨਹੀਂ ਪਾਈ ਹੋਈ ਸੀ। ਕੰਮ ਕਰਦਿਆਂ ਇੱਕ ਮਜ਼ਦੂਰ ਫਿਸਲ ਗਿਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਦੂਜੇ ਦਾ ਵੀ ਸੰਤੁਲਨ ਵਿਗੜ ਗਿਆ। ਲੋਕਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਉਨ੍ਹਾਂ ਦੀ ਉਮਰ 40 ਤੋਂ 50 ਸਾਲ ਦਰਮਿਆਨ ਹੈ। ਠੇਕੇਦਾਰ ਨੂੰ ਸੂਚਿਤ ਕੀਤਾ ਗਿਆ ਹੈ।
ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇਹ ਮਜ਼ਦੂਰ ਪੰਜਵੀਂ ਮੰਜ਼ਿਲ ’ਤੇ ਸਫੈਦੀ ਕਰ ਰਹੇ ਸਨ। ਇਸ ਦੌਰਾਨ ਇੱਕ ਮਜ਼ਦੂਰ ਪੌੜੀਆਂ ’ਤੇ ਫਿਸਲ ਗਿਆ, ਜਦੋਂ ਦੂਜੇ ਨੇ ਹੱਥ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਸੰਤੁਲਨ ਵਿਗੜ ਗਿਆ। ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਸ਼ਾਮ ਲਗਪਗ 5 ਵਜੇ ਦੀ ਹੈ। ਉਹ ਪਹਿਲੇ ਦਿਨ ਇਮਾਰਤ ਨੂੰ ਸਫੈਦੀ ਕਰਨ ਆਏ ਸਨ। ਇਸ ਘਟਨਾ ਸਬੰਧੀ ਠੇਕੇਦਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਕਿ ਕੀ ਮਜ਼ਦੂਰਾਂ ਨੇ ਸੇਫਟੀ ਬੈਲਟ ਪਾਈ ਹੋਈ ਸੀ। ਇਸ ਤੋਂ ਇਲਾਵਾ ਹੋਰ ਤੈਅ ਮਾਪਦੰਡਾਂ ਦੀ ਵੀ ਜਾਂਚ ਕੀਤੀ ਜਾਵੇਗੀ।
