ਟਿੱਪਰ ਦੀ ਟੱਕਰ ਕਾਰਨ ਦੋ ਔਰਤਾਂ ਦੀ ਮੌਤ
ਦਲਬੀਰ ਸੱਖੋਵਾਲੀਆ
ਇਥੋਂ ਦੀ ਜਲੰਧਰ ਰੋਡ ’ਤੇ ਟਿੱਪਰ ਨੇ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਦੋ ਔਰਤਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਇੱਕ ਜ਼ਖ਼ਮੀ ਹੋ ਗਿਆ। ਉਹ ਦਿਹਾੜੀ ਲਈ ਮਹਿਤਾ ਜਾ ਰਹੇ ਸਨ। ਘਟਨਾ ਮਗਰੋਂ ਟਿੱਪਰ ਚਾਲਕ ਫ਼ਰਾਰ ਹੋ ਗਿਆ। ਇਸ ਦੌਰਾਨ ਜਦੋਂ ਦੋ ਘੰਟੇ ਤੱਕ ਪੁਲੀਸ ਨਾ ਪੁੱਜੀ ਤਾਂ ਲੋਕਾਂ ਨੇ ਬਟਾਲਾ-ਜਲੰਧਰ ਮਾਰਗ ’ਤੇ ਧਰਨਾ ਲਾ ਦਿੱਤਾ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮ੍ਰਿਤਕਾਂ ਦੀ ਪਛਾਣ ਲਖਵਿੰਦਰ ਕੌਰ ਪਤਨੀ ਮਨਜੀਤ ਸਿੰਘ ਅਤੇ ਕਰਮਜੀਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਪਿੰਡ ਕੋਟਲਾ ਬੱਝਾ ਸਿੰਘ ਵਜੋਂ ਹੋਈ ਹੈ। ਉਹ ਲਖਵਿੰਦਰ ਕੌਰ ਦੇ ਪਤੀ ਮਨਜੀਤ ਸਿੰਘ ਦੇ ਮੋਟਰਸਾਈਕਲ ’ਤੇ ਮਜ਼ਦੂਰੀ ਲਈ ਮਹਿਤਾ ਚੌਕ ਜਾ ਰਹੇ ਸਨ, ਜਦੋਂ ਉਹ ਅੰਮੋਨੰਗਲ ਦੇ ਨਹਿਰ ਪੁਲ ਨੇੜੇ ਪੁੱਜੇ ਤਾਂ ਪਿੱਛੋਂ ਆ ਰਹੇ ਟਿੱਪਰ ਨੇ ਟੱਕਰ ਮਾਰ ਦਿੱਤੀ। ਲਖਵਿੰਦਰ ਕੌਰ ਤੇ ਕਰਮਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਮਗਰੋਂ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਲੋਕਾਂ ਨੇ ਧਰਨਾ ਲਾ ਦਿੱਤਾ, ਜੋ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਿਹਾ। ਥਾਣਾ ਰੰਗੜ ਨੰਗਲ ਦੇ ਐੱਸ ਐੱਚ ਓ ਹਰਮੀਤ ਸਿੰਘ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰਨ ਮਗਰੋਂ ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਟਿੱਪਰ ਵੀ ਕਬਜ਼ੇ ਵਿੱਚ ਲਿਆ ਹੈ। ਧਰਨੇ ਵਿੱਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਕਾਂਗਰਸ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ, ਸਾਬਕਾ ਸਮਿਤੀ ਮੈਂਬਰ ਸੁਖਵਿੰਦਰ ਸਿੰਘ ਸੁੱਖ ਚਾਹਲ, ਸਾਬਕਾ ਸਰਪੰਚ ਤਰਸੇਮ ਸਿੰਘ ਫੂਲਕੇ, ਮੁਖਤਾਰ ਸਿੰਘ ਕੋਟਲਾ ਚੀਮਾ, ਹੈਪੀ ਗਿੱਲ, ਸਰਪੰਚ ਸੁਖਵਿੰਦਰ ਸਿੰਘ ਸੁੱਖ ਕੋਟਲਾ ਚੀਮਾ ਤੇ ਸੁੱਚਾ ਸਿੰਘ ਫ਼ੌਜੀ ਮੌਜੂਦ ਸਨ।
