ਪੱਤਰਕਾਰ ਨੂੰ ਕੁੱਟਣ ਦੇ ਦੋਸ਼ ਹੇਠ ਦੋ ਸਬ ਇੰਸਪੈਕਟਰ ਮੁਅੱਤਲ
ਇੱਥੇ ਪੱਤਰਕਾਰ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਪੰਜਾਬ ਪੁਲੀਸ ਦੇ ਦੋ ਕਮਾਂਡੋਜ਼ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਡੀਐੱਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਘਟਨਾ ਪਹਿਲੀ ਅਗਸਤ ਨੂੰ ਵਾਪਰੀ ਸੀ ਅਤੇ ਬਾਅਦ ਵਿੱਚ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਵੀਡੀਓ ਵਿੱਚ, ਦੋ ਪੁਲੀਸ ਕਰਮਚਾਰੀ, ਜਿਨ੍ਹਾਂ ਵਿੱਚੋਂ ਇੱਕ ਵਰਦੀਧਾਰੀ ਹੈ ਅਤੇ ਦੂਜਾ ਸਾਦੇ ਕੱਪੜਿਆਂ ਵਿੱਚ ਹੈ, ਪੱਤਰਕਾਰ ਬਲਵਿੰਦਰ ਸਿੰਘ ਨੂੰ ਸੜਕ ’ਤੇ ਘੜੀਸਦੇ ਹੋਏ ਅਤੇ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਵਰਦੀਧਾਰੀ ਪੁਲੀਸ ਮੁਲਾਜ਼ਮ ਪੱਤਰਕਾਰ ਨੂੰ ਲੱਤਾਂ ਮਾਰਦਾ ਹੈ। ਵੀਡੀਓ ਵਿੱਚ ਪੱਤਰਕਾਰ ਗਲੀ ’ਚ ਖੜ੍ਹੇ ਪਾਣੀ ’ਚ ਬੇਹੋਸ਼ ਪਿਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਪੁਲੀਸ ਮੁਲਾਜ਼ਮ ਖਿਸਕ ਜਾਂਦੇ ਹਨ। ਡੀਐੱਸਪੀ ਨੇ ਕਿਹਾ ਕਿ ਦੋਵੇਂ ਪੁਲੀਸ ਮੁਲਾਜ਼ਮਾਂ ਦੀ ਪਛਾਣ ਬਠਿੰਡਾ ਵਿੱਚ ਤਾਇਨਾਤ ਪੰਜਾਬ ਪੁਲੀਸ ਕਮਾਂਡੋਜ਼ ਦੀ 5ਵੀਂ ਬਟਾਲੀਅਨ ਦੇ ਸਬ-ਇੰਸਪੈਕਟਰ ਸੁਰਜੀਤ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ। ਦੋਵੇਂ ਇੱਥੇ ਡਿਊਟੀ ਦੇ ਸਬੰਧ ਵਿੱਚ ਆਏ ਹੋਏ ਸਨ ਤੇ ਹੋਟਲ ਵਿੱਚ ਠਹਿਰੇ ਹੋਏ ਸਨ। ਇਸ ਦੌਰਾਨ ਪੱਤਰਕਾਰ ਬਲਵਿੰਦਰ ਉਨ੍ਹਾਂ ਕੋਲ ਆਇਆ ਤੇ ਡਿਊਟੀ ਨਾਲ ਸਬੰਧਤ ਕੁਝ ਸਵਾਲ ਪੁੱਛੇ। ਇਸ ਦੌਰਾਨ ਦੋਵਾਂ ਧਿਰਾਂ ’ਚ ਤਕਰਾਰ ਹੋ ਗਈ।
ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਮੰਗੀ
ਬਟਾਲਾ (ਦਲਬੀਰ ਸੱਖੋਵਾਲੀਆ/ਹਰਜੀਤ ਪਰਮਾਰ): ਅੱਜ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਆਪਣੀ ਟੀਮ ਸਣੇ ਸਰਕਾਰੀ ਸਿਵਲ ਹਸਪਤਾਲ ਬਟਾਲਾ ਜਾ ਕੇ ਪੀੜਤ ਪੱਤਰਕਾਰ ਬਲਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਸ੍ਰੀ ਗਿੱਲ ਨੇ ਬਟਾਲਾ ਦੇ ਐੱਸਐੱਸਪੀ ਦੇ ਰੀਡਰ ਅਤੇ ਡੀਐੱਸਪੀ (ਸਿਟੀ) ਸੰਜੀਵ ਕੁਮਾਰ ਨਾਲ ਇਸ ਸਬੰਧੀ ਮੁਲਾਕਾਤ ਕੀਤੀ। ਦੋਵਾਂ ਅਫਸਰਾਂ ਖ਼ਿਲਾਫ਼ ਠੋਸ ਕਾਰਵਾਈ ਦੀ ਮੰਗ ਕੀਤੀ।