ਸੜਕ ਹਾਦਸੇ ’ਚ ਦੋ ਵਿਦਿਆਰਥੀਆਂ ਦੀ ਮੌਤ, ਇੱਕ ਜ਼ਖ਼ਮੀ
ਬੱਲੂਆਣਾ ਨੇੜੇ ਤੇਜ਼ ਰਫ਼ਤਾਰ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਤਿੰਨ ਵਿਦਿਆਰਥੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਤੀਜਾ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਫ਼ਰੀਦਕੋਟ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਤਿੰਨੋਂ ਵਿਦਿਆਰਥੀ ਦੋਸਤ ਸਨ ਅਤੇ ਬੱਲੂਆਣਾ ਦੇ ਸਰਕਾਰੀ ਸਕੂਲ ਵਿੱਚ 11ਵੀਂ ਵਿੱਚ ਪੜ੍ਹਦੇ ਸਨ। ਵਿਦਿਆਰਥੀਆਂ ਦੀ ਪਛਾਣ ਰਾਮਗੜ੍ਹ ਵਾਸੀ ਪ੍ਰੇਮ ਪੁੱਤਰ ਨੇਹਪਾਲ, ਕਰਨ ਪੁੱਤਰ ਸੁਭਾਸ਼ ਅਤੇ ਰਾਕੇਸ਼ ਪੁੱਤਰ ਦੇਵਨਾਥ ਵਜੋਂ ਹੋਈ ਹੈ। ਵਿਦਿਆਰਥੀ ਸਕੂਲ ’ਚ ਛੁੱਟੀ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਨਿਕਲੇ ਸਨ। ਜਿਵੇਂ ਹੀ ਵਿਦਿਆਰਥੀ ਬੱਲੂਆਣਾ ਦੀ ਮੁੱਖ ਸੜਕ ’ਤੇ ਪਹੁੰਚੇ ਤਾਂ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਕਰਨ ਅਤੇ ਰਾਕੇਸ਼ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਪ੍ਰੇਮ ਨੂੰ ਗੰਭੀਰ ਹਾਲਤ ਹੋਣ ਕਾਰਨ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਹਾਦਸੇ ਤੋਂ ਲਗਪਗ ਇੱਕ ਘੰਟਾ ਬਾਅਦ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਹਸਪਤਾਲ ਨਹੀਂ ਪਹੁੰਚੇ ਸਨ।