ਹੜ੍ਹਾਂ ’ਚ ਘਿਰੀਆਂ ਦੋ ਗਰਭਵਤੀਆਂ ਦਾ ਜਣੇਪਾ ਕਰਵਾਇਆ
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਟੈਂਡੀ ਵਾਲਾ ਦੀ ਮਨਜੀਤ ਕੌਰ ਅਤੇ ਪਿੰਡ ਕਾਲੂ ਵਾਲਾ ਦੀ ਮਨਪ੍ਰੀਤ ਕੌਰ ਨੇ ਸਿਹਤ ਵਿਭਾਗ ਦੇ ਵਿਸ਼ੇਸ਼ ਕੈਂਪ ਵਿੱਚ ਬੱਚਿਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਦੇ ਸੋਚਿਆ ਵੀ ਹੋਵੇਗਾ ਕਿ ਉਨ੍ਹਾਂ ਦੇ ਜਣੇਪਾ ਹੜ੍ਹ ਕਾਰਨ ਬਣੇ ਗੰਭੀਰ ਹਾਲਾਤ ’ਚ ਹੋਵੇਗਾ। ਇਸ ਔਖੀ ਘੜੀ ਵਿੱਚ ਇਲਾਕੇ ’ਚ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੈਡੀਕਲ ਕੈਂਪਾਂ ਰਾਹੀਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹੜ੍ਹ ਪੀੜਤਾਂ ਲਈ ਹਰ ਸੰਭਵ ਮਦਦ ਦੇਣ ਅਤੇ ਗਰਭਵਤੀਆਂ ਨੂੰ ਸਿਹਤ ਕੇਂਦਰ ਵਿੱਚ ਦਾਖ਼ਲ ਕਰਵਾ ਕੇ ਉਨ੍ਹਾਂ ਦਾ ਜਣੇਪਾ ਕਰਵਾਉਣ ਦੇ ਹੁਕਮ ਦਿੱਤੇ ਸਨ। ਇਸੇ ਤਹਿਤ ਸਿਹਤ ਵਿਭਾਗ ਨੇ ਪਿੰਡ ਟੈਂਡੀ ਵਾਲਾ ਦੀ ਮਨਜੀਤ ਕੌਰ ਅਤੇ ਪਿੰਡ ਕਾਲੂ ਵਾਲਾ ਦੀ ਮਨਪ੍ਰੀਤ ਕੌਰ ਦੋਵਾਂ ਗਰਭਵਤੀਆਂ ਨੂੰ ਸਿਹਤ ਵਿਭਾਗ ਵੱਲੋਂ ਸੁਰੱਖਿਆ ਸਿਵਲ ਹਸਪਤਾਲ ਦਾਖ਼ਲ ਕਰਵਾ ਕੇ ਜਣੇਪਾ ਕਰਵਾਇਆ ਗਿਆ। ਮਨਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਅਤੇ ਪਰਿਵਾਰ ਨੂੰ ਇਸ ਗੱਲ ਦਾ ਡਰ ਸੀ ਕਿ ਹੜ੍ਹਾਂ ’ਚ ਉਹ ਮੈਡੀਕਲ ਸਹਾਇਤਾ ਕਿਵੇਂ ਲੈਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਮਦਦ ਨਾਲ ਉਸ ਦਾ ਸੁਰੱਖਿਅਤ ਜਣੇਪਾ ਸੰਭਵ ਹੋ ਸਕਿਆ ਹੈ।
ਕੋਈ ਵੀ ਗਰਭਵਤੀ ਹਸਪਤਾਲ ਰਹਿ ਸਕਦੀ ਹੈ: ਅਧਿਕਾਰੀ
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਤੇ ਨੇਹਾ ਭੰਡਾਰੀ ਨੇ ਦੱਸਿਆ ਕਿ ਜੇ ਕੋਈ ਵੀ ਗਰਭਵਤੀ ਮਹਿਲਾ ਹਸਪਤਾਲ ਵਿੱਚ ਆ ਕੇ ਰਹਿਣਾ ਚਾਹੁੰਦੀ ਹੈ ਤਾਂ ਉਸ ਨੂੰ ਘਰ ਵਰਗਾ ਮਾਹੌਲ ਅਤੇ ਖਾਣ-ਪੀਣ ਦਾ ਧਿਆਨ ਰੱਖਣ ਦੇ ਨਾਲ-ਨਾਲ ਹਰ ਸਿਹਤ ਸਹੂਲਤ ਦਿੱਤੀ ਜਾਵੇਗੀ।