ਰਿਸ਼ਵਤ ਲੈ ਕੇ ਨਸ਼ਾ ਤਸਕਰ ਛੱਡਣ ਵਾਲੇ ਦੋ ਪੁਲੀਸ ਮੁਲਾਜ਼ਮ ਗ੍ਰਿਫ਼ਤਾਰ
ਪੁਲੀਸ ਵਿੱਚ ਫੈਲੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਆਪਣੇ ਦੋ ਮੁਲਾਜ਼ਮਾਂ ਅਤੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਲਾਜ਼ਮਾਂ ’ਤੇ ਨਸ਼ਾ ਤਸਕਰ ਨੂੰ 2.5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡਣ ਅਤੇ ਉਸ ਕੋਲੋਂ ਬਰਾਮਦ ਨਸ਼ੀਲੇ ਪਦਾਰਥਾਂ ਦੀ ਵੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਏ ਐੱਸ ਆਈ ਨਰਿੰਦਰ ਸਿੰਘ, ਹੈੱਡ ਕਾਂਸਟੇਬਲ ਪਰਗਟ ਸਿੰਘ ਅਤੇ ਨਸ਼ਾ ਤਸਕਰ ਕੁਲਬੀਰ ਸਿੰਘ ਵਜੋਂ ਹੋਈ ਹੈ। ਦੋਵੇਂ ਪੁਲੀਸ ਮੁਲਾਜ਼ਮ ਚਾਟੀਵਿੰਡ ਥਾਣੇ ਅਧੀਨ ਦਬੁਰਜੀ ਚੌਕੀ ’ਤੇ ਤਾਇਨਾਤ ਸਨ। ਤਿੰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਐਕਟ ਅਤੇ ਐੱਨ ਡੀ ਪੀ ਐੱਸ ਐਕਟ ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀ ਐੱਸ ਪੀ ਯਾਦਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਦੋਵਾਂ ਮੁਲਾਜ਼ਮਾਂ ਨੇ ਨੇ ਕੁਝ ਸਮਾਂ ਪਹਿਲਾਂ ਕੁਲਬੀਰ ਸਿੰਘ ਨੂੰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਕਾਬੂ ਕੀਤਾ ਸੀ ਪਰ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਦੋਹਾਂ ਨੇ ਤਸਕਰ ਦੇ ਪੁੱਤ ਸ਼ਮਸ਼ੇਰ ਸਿੰਘ ਕੋਲੋਂ 2.5 ਲੱਖ ਰੁਪਏ ਦੀ ਕਥਿਤ ਰਿਸ਼ਵਤ ਲਈ ਅਤੇ ਕੁਲਬੀਰ ਨੂੰ ਛੱਡ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਬਰਾਮਦ ਨਸ਼ੀਲੇ ਪਦਾਰਥ ਵੀ ਆਪਣੇ ਕੋਲ ਰੱਖ ਲਏ ਅਤੇ ਕੋਈ ਕੇਸ ਦਰਜ ਨਹੀਂ ਕੀਤਾ। ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਅੰਦਰੂਨੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਵਿੱਚ ਦੋਸ਼ ਸਹੀ ਨਿਕਲੇ ਤਾਂ ਕੇਸ ਦਰਜ ਕਰਕੇ ਮੁਲਾਜ਼ਮਾਂ ਅਤੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।