ਡਰਾਈਵਿੰਗ ਲਾਇਸੈਂਸ ਸਕੈਮ ’ਚ ਮੁਅੱਤਲ ਕੀਤੇ ਦੋ ਪੁਲੀਸ ਅਧਿਕਾਰੀ ਬਹਾਲ
ਚੰਡੀਗੜ੍ਹ, 18 ਮਈ
ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਕਥਿਤ ਡਰਾਈਵਿੰਗ ਲਾਇਸੈਂਸ ਘੁਟਾਲੇ ਵਿਚ ਮੁਅੱਤਲ ਕੀਤੇ ਦੋ ਪੁਲੀਸ ਅਧਿਕਾਰੀਆਂ ਨੂੰ ਬਹਾਲ ਕਰ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਦੋ ਵੱਖੋ ਵੱਖਰੇ ਹੁਕਮਾਂ ਮੁਤਾਬਕ ਪੰਜਾਬ ਪੁਲੀਸ ਸੇਵਾ (PPS) ਅਧਿਕਾਰੀਆਂ ਸਵਰਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਦੀ ਮੁਅੱਤਲੀ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਕੇ ਉਨ੍ਹਾਂ ਨੂੰ ਬਹਾਲ ਕੀਤਾ ਜਾਂਦਾ ਹੈ।
ਸਵਰਨਦੀਪ ਸਹਾਇਕ ਇੰਸਪੈਕਟਰ ਜਨਰਲ ਫਲਾਈਂਗ ਸਕੁਐਡ ਵਿਜੀਲੈਂਸ ਬਿਊਰੋ ਐੱਸਏਐੱਸ ਨਗਰ ਦਾ ਚਾਰਜ ਲੈਣਗੇ ਜਦੋਂਕਿ ਹਰਪ੍ਰੀਤ ਐੱਸਐੱਸਪੀ ਵਿਜੀਲੈਂਸ ਬਿਊਰੋ ਜਲੰਧਰ ਵਜੋਂ ਜ਼ਿੰਮੇਵਾਰੀ ਸੰਭਾਲਣਗੇ। ਹੁਕਮਾਂ ਮੁਤਾਬਕ ਮੁਅੱਤਲੀ ਦੇ ਅਰਸੇ ਨੂੰ ਸੇਵਾ ਕੀਤੇ ਕੰਮ ਵਜੋਂ ਮੰੰਨਿਆ ਜਾਵੇਗਾ। ਸੂਬਾ ਸਰਕਾਰ ਨੇ 25 ਅਪਰੈਲ ਨੂੰ ਵਿਜੀਲੈਂਸ ਬਿਊਰੋ ਦੇ ਮੁਖੀ ਐੱਸਪੀਐੱਸ ਪਰਮਾਰ ਤੇ ਇਨ੍ਹਾਂ ਦੋ ਉਪਰੋਕਤ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਉਧਰ ਕਾਂਗਰਸ ਆਗੂ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁਅੱਤਲ ਕੀਤੇ ਪੁਲੀਸ ਅਧਿਕਾਰੀਆਂ ਨੂੰ ਬਹਾਲ ਕੀਤੇ ਜਾਣ ਦੇ ‘ਆਪ’ ਸਰਕਾਰ ਦੇ ਫੈਸਲੇ ਦੀ ਨੁਕਤਾਚੀਨੀ ਕੀਤੀ ਹੈ। -ਪੀਟੀਆਈ