ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਸਪਤਾਲ ’ਚ ਇਲਾਜ ਅਧੀਨ ਦੋ ਧਿਰਾਂ ਭਿੜੀਆਂ

ਸਟਾਫ ਨਾਲ ਬਦਸਲੂਕੀ ਦੇ ਮਾਮਲੇ ਵਿੱਚ 2 ਔਰਤਾਂ ਸਣੇ ਸੱਤ ਖ਼ਿਲਾਫ਼ ਕੇਸ ਦਰਜ; ਤਿੰਨ ਵਿਅਕਤੀ ਹਿਰਾਸਤ ਵਿੱਚ ਲਏ
Advertisement
ਇੱਥੇ ਸਦਰ ਥਾਣਾ ਅਧੀਨ ਪੈਂਦੇ ਪਿੰਡ ਲਲੋਛੀ ਵਿੱਚ ਪਲਾਟ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਮਗਰੋਂ ਸਿਵਲ ਹਸਪਤਾਲ ਸਮਾਣਾ ਵਿੱਚ ਦਾਖ਼ਲ ਹੋਈਆਂ ਦੋਵਾਂ ਧਿਰਾਂ ਦੇ ਵਿਅਕਤੀ ਰਾਤ ਸਮੇਂ ਹਸਪਤਾਲ ਦੀ ਐਮਰਜੈਂਸੀ ਵਿੱਚ ਮੁੜ ਭਿੜ ਪਏ। ਉਨ੍ਹਾਂ ਨੇ ਇੱਕ-ਦੂਜੇ ’ਤੇ ਸੋਟੀਆਂ ਵਰ੍ਹਾਈਆਂ। ਇਸ ਦੌਰਾਨ ਹਸਪਤਾਲ ਦੇ ਸਾਮਾਨ ਦੀ ਭੰਨ-ਤੋੜ ਕਰਨ ਮਗਰੋਂ ਹੰਗਾਮਾ ਵੀ ਕੀਤਾ। ਇਸ ਮੌਕੇ ਦੋਵਾਂ ਧਿਰਾਂ ਦੇ ਵਿਅਕਤੀਆਂ ਨੇ ਸਟਾਫ਼ ਨਾਲ ਹੱਥੋਪਾਈ ਤੇ ਧੱਕਾ-ਮੁੱਕੀ ਕੀਤੀ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਇਸ ਸਬੰਧੀ ਡੀਐੱਸਪੀ ਫ਼ਤਹਿ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਸ਼ਿਵਇੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਦੋਵਾਂ ਧਿਰਾਂ ਦੀਆਂ ਦੋ ਔਰਤਾਂ ਸਣੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਦੋ ਔਰਤਾਂ ਸਣੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ। ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮਾਂ ਵਿੱਚ ਹਰਵਿੰਦਰ ਕੌਰ, ਸੁਖਵਿੰਦਰ ਕੌਰ, ਲਖਵਿੰਦਰ ਸਿੰਘ, ਕਰਨੈਲ ਸਿੰਘ, ਅਮਰਿੰਦਰ ਪਾਲ ਅਤੇ ਬਾਬੂ ਸਿੰਘ ਸਾਰੇ ਵਾਸੀ ਪਿੰਡ ਲਲੋਛੀ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਡੀਐੱਸਪੀ ਅਨੁਸਾਰ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਸਰਕਾਰੀ ਦਫ਼ਤਰ ਦੇ ਅਧਿਕਾਰੀਆਂ ਤੇ ਸਟਾਫ਼ ਨਾਲ ਹੁੱਲੜਬਾਜ਼ੀ ਤੇ ਬਦਸਲੂਕੀ ਕਰਨ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। 

 

Advertisement

Advertisement