ਕਬੱਡੀ ਖਿਡਾਰੀ ਦੇ ਕਤਲ ਮਾਮਲੇ ’ਚ ਦੋ ਹੋਰ ਗਿ੍ਰਫ਼ਤਾਰ
ਇੱਥੇ ਕਤਲ ਕੀਤੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕੇਸ ਵਿੱਚ ਪੁਲੀਸ ਨੇ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਸ ਕੇਸ ’ਚ ਪੁਲੀਸ ਨੇ ਪਹਿਲਾਂ ਹਰਪ੍ਰੀਤ ਸਿੰਘ ਉਰਫ ਹਨੀ ਵਾਸੀ ਰੂੰਮੀ ਅਤੇ ਗਗਨਾ ਕਿੱਲੀ ਚਾਹਲਾਂ (ਮੋਗਾ) ਨੂੰ ਗ੍ਰਿਫ਼ਤਾਰ ਕੀਤਾ ਸੀ। ਤੇਜਪਾਲ ਦੇ ਸਸਕਾਰ ਵਾਲੇ ਦਿਨ ਪੁਲੀਸ ਨੇ ਹਨੀ ਦੇ ਵੱਡੇ ਭਰਾ ਹਰਜੋਬਨਪ੍ਰੀਤ ਸਿੰਘ ਉਰਫ ਕਾਲਾ ਨੂੰ ਕਾਬੂ ਕੀਤਾ ਸੀ। ਕੱਲ੍ਹ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹੇਮਨ ਸਿੰਘ ਅਤੇ ਸੰਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਹੇਮਨ ਅਤੇ ਸੰਨੀ ਹਨੀ ਦੇ ਸਾਲੇ ਹਨ। ਪੁਲੀਸ ਨੇ ਇਸ ਕੇਸ ਵਿੱਚ ਹੁਣ ਤਕ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਕੱਲ੍ਹ ਦੇਰ ਸ਼ਾਮ ਕਾਲਾ, ਹੇਮਨ ਅਤੇ ਸੰਨੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਰੋਜ਼ਾ ਰਿਮਾਂਡ ਹਾਸਲ ਕੀਤਾ ਹੈ। ਯਾਦ ਰਹੇ ਕਿ ਹਨੀ ਅਤੇ ਗਗਨਾ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ ਅੱਜ ਖ਼ਤਮ ਹੋਣ ਉਪਰੰਤ ਉਨ੍ਹਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਇਸ ਸਬੰਧੀ ਐੱਸ ਪੀ (ਡੀ) ਹਰਕਮਲ ਕੌਰ, ਡੀ ਐੱਸ ਪੀ (ਡੀ) ਜਤਿੰਦਰ ਸਿੰਘ, ਡੀ ਐੱਸ ਪੀ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਹੇਮਨ ਸਿੰਘ ਅਤੇ ਸੰਨੀ ਇੰਦਰਾ ਕਲੋਨੀ ਸੋਹੀਆਂ ਰੋਡ, ਸੰਗਰੂਰ ਦੇ ਰਹਿਣ ਵਾਲੇ ਹਨ। ਉਨ੍ਹਾਂ ’ਤੇ ਕਾਲਾ ਅਤੇ ਸਾਥੀਆਂ ਨੂੰ ਪਨਾਹ ਦੇਣ ਦੇ ਦੋਸ਼ ਹਨ। ਪੁਲੀਸ ਨੇ ਕਤਲ ਸਮੇਂ ਵਰਤੀ ਕਾਰ ਵੀ ਨਾਨਕਸਰ ਨੇੜਿਓਂ ਬਰਾਮਦ ਕਰ ਲਈ ਹੈ। ਐੱਸ ਪੀ (ਡੀ) ਹਰਕਮਲ ਕੌਰ ਨੇ ਦੱਸਿਆ ਕਿ ਕਾਲੇ ਸਣੇ ਤਿੰਨਾਂ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਵਾਰਦਾਤ ਸਬੰਧੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਆਖਿਆ ਕਿ ਕਤਲ ਸਮੇਂ ਮੌਜੂਦ ਅਣਪਛਾਤਿਆਂ ਦੀ ਸ਼ਨਾਖਤ ਲਈ ਜਾਂਚ ਕੀਤੀ ਜਾ ਰਹੀ ਹੈ।
