ਮੁਕਾਬਲੇ ’ਚ ਬੰਬੀਹਾ ਗਰੋਹ ਦੇ ਦੋ ਮੈਂਬਰ ਜ਼ਖ਼ਮੀ
ਪਿੰਡ ਰੋਂਗਲਾ ਨੇੜੇ ਪੁਲੀਸ ਮੁਕਾਬਲੇ ਵਿੱਚ ਬੰਬੀਹਾ ਗਰੋਹ ਦੇ ਦੋ ਗੈਂਗਸਟਰ ਲੱਤਾਂ ’ਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 30 ਬੋਰ ਦੇ ਦੋ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਪੁਲੀਸ ਅਨੁਸਾਰ ਮੁਲਜ਼ਮ ਰਾਜਪੁਰਾ ਦੇ ਇਕ ਵਪਾਰੀ ਤੋਂ ਫਿਰੌਤੀ ਮੰਗ ਰਹੇ ਸਨ। ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਮੁਲਜ਼ਮਾਂ ਬਾਰੇ ਸੂਚਨਾ ਮਿਲਣ ’ਤੇ ਐੱਸ ਪੀ (ਡੀ) ਗੁਰਬੰਸ ਬੈਂਸ ਦੀ ਅਗਵਾਈ ਹੇਠ ਸੀ ਆਈ ਏ ਇੰਚਾਰਜ ਪ੍ਰਦੀਪ ਬਾਜਵਾ, ਤ੍ਰਿਪੜੀ ਥਾਣੇ ਦੇ ਮੁਖੀ ਸੁਖਵਿੰਦਰ ਗਿੱਲ ਸਮੇਤ ਪੁਲੀਸ ਟੀਮ ਜਦੋੋਂ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ ਤਾਂ ਪਿੰਡ ਰੋਂਗਲਾ ਦੀ ਹੱਦ ’ਤੇ ਭਾਖੜਾ ਦੇ ਪੁਲ ਨੇੜੇ ਮੁਲਜ਼ਮਾਂ ਨੇ ਪੁਲੀਸ ਟੀਮ ’ਤੇ ਪੰਜ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਏ ਤੇ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਮੱਖਣ ਵਾਸੀ ਸੈਫਦੀਪੁਰ ਅਤੇ ਗੌਤਮ ਉਰਫ਼ ਬਾਦਸ਼ਾਹ ਵਾਸੀ ਬੌੜਾ ਗੇਟ ਨਾਭਾ ਵਜੋਂ ਹੋਈ ਹੈ, ਜੋ ਦਵਿੰਦਰ ਸਿੰਘ ਬੰਬੀਹਾ ਗਰੋਹ ਨਾਲ ਸਿੱਧਾ ਸਬੰਧ ਰੱੱਖਦੇ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਹੱਤਿਆ ਦੀ ਘਟਨਾ ਟਲ ਗਈ ਕਿਉਂਕਿ ਮੁਲਜ਼ਮਾਂ ਵੱਲੋਂ ਰਾਜਪੁਰਾ ਦੇ ਵਪਾਰੀ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਫਿਰੌਤੀ ਨਾ ਦੇਣ ’ਤੇ ਮੁਲਜ਼ਮਾਂ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਸੀ।
