ਦੋ ਧੜਿਆਂ ਨੇ ਇੱਕ-ਦੂਜੇ ’ਤੇ ਗੋਲੀਆਂ ਚਲਾਈਆਂ
ਗੁਰਬਖ਼ਸ਼ਪੁਰੀ
ਭਿੱਖੀਵਿੰਡ ਨੇੜਲੀ ਚੇਲਾ ਕਲੋਨੀ ਵਿੱਚ ਮੰਗਲਵਾਰ ਦੀ ਅੱਧੀ ਰਾਤ ਨੂੰ ਗੈਂਗਸਟਰਾਂ ਦੇ ਦੋ ਗਰੁੱਪਾਂ ਨੇ ਇੱਕ-ਦੂਜੇ ’ਤੇ ਗੋਲੀਆਂ ਚਲਾਈਆਂ| ਦੋਵਾਂ ਧਿਰਾਂ ਵਿਚਕਾਰ ਕਰੀਬ ਘੰਟਾ ਭਰ ਲੜਾਈ ਹੁੰਦੀ ਰਹੀ। ਇਸ ਦੌਰਾਨ ਉਨ੍ਹਾਂ ਨੇ ਗੋਲੀਆਂ ਚਲਾਈਆਂ ਅਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ। ਇਸ ਦੌਰਾਨ ਪੁਲੀਸ ਦੇ ਨਾ ਆਉਣ ਕਾਰਨ ਮੁਲਜ਼ਮ ਖ਼ੁਦ ਹੀ ਘਰਾਂ ਨੂੰ ਚਲੇ ਗਏ। ਉਨ੍ਹਾਂ ਦੀ ਲੜਾਈ ਕਾਰਨ ਕਲੋਨੀ ਵਾਸੀ ਆਪਣੇ ਘਰਾਂ ਅੰਦਰ ਵੜ ਗਏ। ਇਸ ਘਟਨਾ ਸਥਾਨ ਦੇ ਬਿਲਕੁਲ ਨੇੜੇ ਹੀ ਡੀ ਐੱਸ ਪੀ ਦਾ ਦਫ਼ਤਰ ਹੈ ਜਿੱਥੇ ਰਾਤ-ਦਿਨ ਪੁਲੀਸ ਦਾ ਪਹਿਰਾ ਰਹਿੰਦਾ ਹੈ| ਕਲੋਨੀ ਵਿੱਚ ਗੈਂਗਸਟਰਾਂ ਦਰਮਿਆਨ ਅਕਸਰ ਹੀ ਅਜਿਹੇ ਝਗੜੇ ਹੁੰਦੇ ਰਹਿੰਦੇ ਹਨ। ਇਸ ਕਰ ਕੇ ਦੋਵਾਂ ਧੜਿਆਂ ਖ਼ਿਲਾਫ਼ ਨਸ਼ਾ ਤਸਕਰੀ, ਫ਼ਿਰੌਤੀਆਂ ਨਾਲ ਸਬੰਧਤ ਲੜਾਈ-ਝਗੜੇ ਕਰਨ ਆਦਿ ਦੇ ਕਈ ਕੇਸ ਪਹਿਲਾਂ ਵੀ ਦਰਜ ਹਨ|
ਭਿੱਖੀਵਿੰਡ ਪੁਲੀਸ ਨੇ ਇਸ ਸਬੰਧੀ ਦੋਵਾਂ ਧੜਿਆਂ ਦੇ ਸ਼ਾਲੀ ਸਿੰਘ, ਸੁਰਿੰਦਰ ਸਿੰਘ, ਸੋਨੂੰ ਉਰਫ ਲੰਮਾ ਵਾਸੀ ਚੇਲਾ ਕਲੋਨੀ, ਰਾਜਬੀਰ ਸਿੰਘ, ਗੁਰਲਾਲ ਸਿੰਘ ਲਾਲੀ ਗੈਂਡਾ, ਜੱਸਾ ਸਿੰਘ ਜੱਸਾ ਵਾਸੀ ਭਿੱਖੀਵਿੰਡ ਤੋਂ ਇਲਾਵਾ ਅੱਠ ਅਣਪਛਾਤਿਆਂ ਖ਼ਿਲਾਫ਼ ਬੀ ਐੱਨ ਐੱਸ ਦੀ ਦਫ਼ਾ 109, 194 (2), 191 (3), 190 ਅਤੇ ਅਸਲਾ ਐਕਟ ਦੀ ਦਫ਼ਾ 25, 27, 54, 59 ਅਧੀਨ ਕੇਸ ਦਰਜ ਕੀਤਾ ਹੈ| ਇਸ ਕੇਸ ਦੇ ਜਾਂਚ ਅਧਿਕਾਰੀ ਏ ਐੱਸ ਆਈ ਜਸਪਾਲ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਨ ਉਪਰੰਤ ਇਸ ਮਾਮਲੇ ਵਿੱਚ ਕਿਸੇ ਜਾਨੀ ਮਾਲੀ ਨੁਕਸਾਨ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਨੌਜਵਾਨ ਲੜਕਿਆਂ ਨੇ ਆਪਣੇ ਗਰੁੱਪ ਬਣਾਏ ਹਨ ਜਿਹੜੇ ਆਪਸ ਵਿੱਚ ਲੜਾਈ-ਝਗੜਾ ਕਰ ਕੇ ਲੋਕਾਂ ਦੀ ਸ਼ਾਂਤੀ ਭੰਗ ਕਰਦੇ ਹਨ| ਉਨ੍ਹਾਂ ਕੋਲ ਨਾਜਾਇਜ਼ ਹਥਿਆਰ ਹਨ|
