ਮੁਕਾਬਲੇ ਮਗਰੋਂ ਬਿਸ਼ਨੋਈ ਗਰੋਹ ਦੇ ਦੋ ਗੈਂਗਸਟਰ ਗ੍ਰਿਫ਼ਤਾਰ
ਹਰਜੀਤ ਸਿੰਘ
ਇਥੇ ਜ਼ਿਲ੍ਹਾ ਮੁਹਾਲੀ ਪੁਲੀਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਵੱਲੋਂ ਅੱਜ ਸਾਂਝੇ ਅਪਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਗੈਂਗਸਟਰ ਡੇਰਾਬੱਸੀ ਦੇ ਗੁਲਾਬਗੜ੍ਹ ਸੜਕ ’ਤੇ ਪੀਜੀ ਵਿੱਚ ਲੁਕੇ ਹੋਏ ਸਨ, ਜਦੋਂ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾਈਆਂ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਇਕ ਗੈਂਗਸਟਰ ਲੱਤ ’ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਸੁਮਿਤ ਬਿਸ਼ਨੋਈ ਵਾਸੀ ਹਨੂੰਮਾਨਗੜ੍ਹ, ਰਾਜਸਥਾਨ ਅਤੇ ਦੂਜੇ ਸਾਥੀ ਦੀ ਪਛਾਣ ਪੰਕਜ ਵਾਸੀ ਸੋਨੀਪਤ, ਹਰਿਆਣਾ
ਵਜੋਂ ਹੋਈ ਹੈ।
ਮੁਲਜ਼ਮਾਂ ਕੋਲੋਂ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮਾਂ ਖ਼ਿਲਾਫ਼ ਡੇਰਾਬੱਸੀ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐੱਸਡੀ(ਡੀ) ਸੌਰਵ ਜਿੰਦਲ ਅਤੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਗੁਲਾਬਗੜ੍ਹ ਰੋਡ ’ਤੇ ਸਥਿਤ ਗਣੇਸ਼ ਵਿਹਾਰ ਦੇ ਸ਼ੋਅਰੂਮ ਦੇ ਉੱਪਰ ਨਾਜਾਇਜ਼ ਪੀਜੀ ਵਿੱਚ ਇਹ ਮੁਲਜ਼ਮ ਲੁਕੇ ਹੋਏ ਹਨ, ਜਦੋਂ ਪੁਲੀਸ ਨੇ ਛਾਪਾ ਮਾਰਿਆ ਤਾਂ ਪਹਿਲੀ ਮੰਜ਼ਿਲ ’ਤੇ ਸਥਿਤ ਕਮਰੇ ’ਚੋਂ ਗੈਂਗਸਟਰ ਨੇ ਪੁਲੀਸ ’ਤੇ ਫਾਇਰਿੰਗ ਕੀਤੀ। ਗੋਲੀ ਦਰਵਾਜ਼ੇ ਦੀ ਜਾਲੀ ਨੂੰ ਲੱਗੀ, ਪੁਲੀਸ ਦੀ ਜਵਾਬੀ ਕਾਰਵਾਈ ਦੌਰਾਨ ਗੋਲੀ ਸੁਮਿਤ ਬਿਸ਼ਨੋਈ ਲੱਤ ਵਿੱਚ ਲੱਗੀ ਹੈ। ਉਨ੍ਹਾਂ ਦੱਸਿਆ ਕਿ ਸੁਮਿਤ ਬਿਸ਼ਨੋਈ ਨੇ ਬੀਤੀ 18 ਮਈ ਨੂੰ ਹਨੂੰਮਾਨਗੜ੍ਹ ਵਿੱਚ ਇਕ ਨੌਜਵਾਨ ਦਾ ਆਪਣੇ ਦੋ ਹੋਰ ਸਾਥੀਆਂ ਨਾਲ ਰਲ ਕੇ ਕਤਲ ਕੀਤਾ ਸੀ। ਰਾਜਸਥਾਨ ਪੁਲੀਸ ਨੇ ਉਸਦੇ ਦੋ ਸਾਥੀਆਂ ਨੂੰ ਤਾਂ ਕਾਬੂ ਕਰ ਲਿਆ ਸੀ ਪਰ ਉਹ ਫ਼ਰਾਰ ਸੀ। ਪੁਲੀਸ ਨੇ ਦੱਸਿਆ ਕਿ ਬੀਤੀ 22 ਤਰੀਕ ਤੋਂ ਮੁਲਜ਼ਮ ਸੁਮਿਤ ਇਥੇ ਲੁਕਿਆ ਹੋਇਆ ਸੀ। ਉਸ ਦੇ ਨਾਲ ਮੌਜੂਦ ਪੰਕਜ ਅਮਰੀਕਾ ਤੋਂ ਡਿਪੋਰਟ ਹੋਇਆ ਹੈ, ਜਿਸ ਦੀ ਅਪਰਾਧਿਕ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।