ਜਨਮ ਦਿਨ ਮਨਾ ਕੇ ਪਰਤ ਰਹੇ ਦੋ ਦੋਸਤਾਂ ਦੀ ਹਾਦਸੇ ਵਿੱਚ ਮੌਤ, ਤੀਜਾ ਜ਼ਖ਼ਮੀ
ਹਤਿੰਦਰ ਮਹਿਤਾ
ਇਥੇ ਸਵੇਰੇ 5 ਵਜੇ ਦੇ ਕਰੀਬ ਲਾਡੋਵਾਲੀ ਸੜਕ ’ਤੇ ਹਾਦਸੇ ਦੌਰਾਨ ਦੋ ਦੋਸਤਾਂ ਦੀ ਮੌਕੇ ’ਤੇ ਹੋ ਗਈ, ਜਦੋਂ ਕਿ ਤੀਜਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਤਿੰਨੋਂ ਦੋਸਤ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਐਕਟਿਵਾ ’ਤੇ ਘਰ ਪਰਤ ਰਹੇ ਸਨ। ਸਕੂਟਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਖੰਭੇ ਨਾਲ ਟਕਰਾਅ ਗਏ। ਹਾਦਸੇ ਦੌਰਾਨ ਵੰਸ਼ ਵਾਸੀ ਗੜ੍ਹਾ ਅਤੇ ਸੁਨੀਲ ਵਾਸੀ ਸੰਸਾਰਪੁਰ ਦੀ ਮੌਤ ਹੋ ਗਈ, ਜਦੋਂ ਕਿ ਚੇਤਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਵੰਸ਼, ਸੁਨੀਲ ਕੁਮਾਰ ਉਰਫ਼ ਸ਼ੀਲਾ ਅਤੇ ਚੇਤਨ ਨੇ ਰਾਤ ਨੂੰ ਸੁਨੀਲ ਦਾ ਜਨਮਦਿਨ ਮਨਾਇਆ ਸੀ। ਤਿੰਨੋਂ ਦੋਸਤ ਐਕਟਿਵਾ ’ਤੇ ਅਲੀਪੁਰ ਤੋਂ ਬੱਸ ਸਟੈਂਡ ਵੱਲ ਆ ਰਹੇ ਸਨ, ਜਿਵੇਂ ਹੀ ਉਹ ਬੱਸ ਸਟੈਂਡ ਪਾਰ ਕਰ ਕੇ ਲਾਡੋਵਾਲੀ ਰੋਡ ਵੱਲ ਵਧੇ, ਤੇਜ਼ ਰਫ਼ਤਾਰ ਐਕਟਿਵਾ ਸੜਕ ਕਿਨਾਰੇ ਬਿਜਲੀ ਦੇ ਖੰਭੇ ਨਾਲ ਟਕਰਾਅ ਗਈ। ਪੋਸਟਮਾਰਟਮ ਤੋਂ ਬਾਅਦ ਦੋਵਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਚੌਕੀ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਧਾਰਾ-174 ਤਹਿਤ ਕਾਰਵਾਈ ਕੀਤੀ ਗਈ ਹੈ।
ਸੜਕ ਹਾਦਸੇ ’ਚ ਦੋ ਮਜ਼ਦੂਰਾਂ ਦੀ ਮੌਤ
ਸ੍ਰੀ ਆਨੰਦਪੁਰ ਸਾਹਿਬ/ਨੰਗਲ (ਪੱਤਰ ਪ੍ਰੇਰਕ): ਇਥੇ ਸ੍ਰੀ ਆਨੰਦਪੁਰ ਸਾਹਿਬ-ਨੰਗਲ ਸੜਕ ’ਤੇ ਜਿੰਦਵੜੀ ਚੌਕ ਲਾਗੇ ਹਾਦਸੇ ਵਿੱਚ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਨਾਲ ਸਬੰਧਤ ਦੋ ਨੌਜਵਾਨ ਮੁਸਤਫਾ ਹੁਸੈਨ (39) ਵਾਸੀ ਲਖੀਮਪੁਰ ਖੀਰੀ ਅਤੇ ਰੋਹਤਾਸ (19) ਵਾਸੀ ਬਦਾਉਂ ਆਪਣੇ ਮੋਟਰਸਾਈਕਲ ’ਤੇ ਜਾ ਰਹੇ ਸਨ ਕਿ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਵੇਂ ਨੌਜਵਾਨ ਨਾਲਾਗੜ੍ਹ ਵਿੱਚ ਨੌਕਰੀ ਕਰਦੇ ਸਨ। ਪੁਲੀਸ ਵੱਲੋਂ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।