ਚੋਣ ਕਮਿਸ਼ਨ ਕੋਲ ਦੋ ਡੀ ਐੱਸ ਪੀਜ਼ ਦੀ ਸ਼ਿਕਾਇਤ
ਸ਼੍ਰੋਮਣੀ ਅਕਾਲੀ ਦਲ ਦੀ ਕਾਨੂੰਨੀ ਟੀਮ ਨੇ ਤਰਨ ਤਾਰਨ ਦੀ ਜ਼ਿਮਨੀ ਚੋਣ ’ਚ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਸਬੰਧੀ ਅੱਜ ਮੁੱਖ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਾਈ ਹੈ। ਸ਼ਿਕਾਇਤ ਮਗਰੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ’ਚ ਤਾਇਨਾਤ ਡੀ ਐੱਸ ਪੀ ਜਗਜੀਤ ਸਿੰਘ ਅਤੇ ਡੀ ਐੱਸ ਪੀ ਸੁਖਬੀਰ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਪੁਲੀਸ ਅਧਿਕਾਰੀ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਖ਼ਾਸ ਹਨ ਅਤੇ ਇਹ ਡੀ ਐੱਸ ਪੀਜ਼ ਲੋਕਾਂ ਨੂੰ ਡਰਾ ਧਮਕਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਨਜ਼ਰ ਆਉਣ ਲੱਗੀ ਹੈ, ਜਿਸ ਕਾਰਨ ‘ਆਪ’ ਹੁਣ ਘਟੀਆ ਹੱਥਕੰਡੇ ਵਰਤਣ ਲੱਗੀ ਹੈ। ਮੁੱਢਲੇ ਪੜਾਅ ’ਤੇ ਹੀ ਜ਼ਿਮਨੀ ਚੋਣ ’ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਪਿੱਛੇ ‘ਆਪ’ ਦਾ ਡਰ ਸਾਫ਼ ਨਜ਼ਰ ਆ ਰਿਹਾ ਹੈ ਪਰ ਸੱਤਾ ਦੀ ਦੁਰਵਰਤੋਂ ਕਰ ਕੇ ਚੋਣ ਜਿੱਤਣ ਦੇ ਸੁਪਨੇ ਸਾਕਾਰ ਨਹੀਂ ਹੋਣਗੇ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸੱਤਾ ਦਾ ਹੰਕਾਰ ਛੱਡਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਹੁਣ ‘ਆਪ’ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਹੁਣ ਅਫ਼ਸਰਾਂ ਦੇ ਧੱਕੇ ਨਾਲ ਚੋਣ ਨਹੀਂ ਜਿੱਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਭਰੋਸਾ ਦਿੱਤਾ ਹੈ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਨਿਰਪੱਖ ਤੇ ਸੁਤੰਤਰ ਹੋਵੇਗੀ।