ਸਤਲੁਜ ਦੇ ਬਦਲੇ ਵਹਿਣ ਕਾਰਨ ਦੋ ਦਰਜਨ ਪਿੰਡਾਂ ਨੂੰ ਖ਼ਤਰਾ
ਗੁਰਮੀਤ ਸਿੰਘ ਖੋਸਲਾ
ਦਰਿਆ ਸਤਲੁਜ ਦੇ ਹਫ਼ਤੇ ਤੋਂ ਬਦਲੇ ਵਹਿਣ ਕਾਰਨ ਪਿੰਡ ਮੰਡਾਲਾ ਛੰਨਾ ਨਜ਼ਦੀਕ ਧੁੱਸੀ ਬੰਨ੍ਹ ਨੂੰ ਢਾਹ ਲੱਗਣ ਕਾਰਨ ਇਲਾਕਾ ਵਾਸੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ, ਇਲਾਕਾ ਵਾਸੀ, ਸਮਾਜ ਸੇਵਕ, ਫ਼ੌਜ ਅਤੇ ਸੰਤ ਸੀਚੇਵਾਲ ਦੇ ਸੇਵਕ ਕਈ ਦਿਨਾਂ ਤੋਂ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ, ਇਸ ਦੇ ਬਾਵਜੂਦ ਦਰਿਆ ਦੇ ਤੇਜ਼ ਵਹਾਅ ਕਾਰਨ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲ ਰਹੀ।
ਦਰਿਆ ਵੱਲੋਂ ਲਗਾਈ ਢਾਹ ਨੇ ਕਰੀਬ ਅੱਧੀ ਦਰਜਨ ਮਕਾਨਾਂ ਨੂੰ ਲਪੇਟ ਵਿੱਚ ਲੈ ਕੇ ਢਹਿ-ਢੇਰੀ ਕਰ ਦਿੱਤਾ ਹੈ। ਇਸ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪਿੰਡ ਦੇ ਹੋਰ ਕਈ ਘਰਾਂ ਨੂੰ ਵੀ ਖਾਲੀ ਕਰਵਾ ਦਿੱਤਾ ਹੈ। ਬੰਨ੍ਹ ਉੱਪਰ ਸੇਵਾ ਕਰ ਰਹੇ ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ, ਪੱਥਰ ਅਤੇ ਤਾਰ ਦੀ ਜ਼ਰੂਰਤ ਹੈ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕਰਦਿਆ ਕਿਹਾ ਕਿ ਜੇ ਬੰਨ੍ਹ ਨੂੰ ਵੱਡਾ ਖੋਰਾ ਲੱਗ ਗਿਆ ਤਾਂ ਇਲਾਕੇ ਦੇ ਕਰੀਬ ਦੋ ਦਰਜਨ ਪਿੰਡਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਅਤੇ ਹੋਰ ਜ਼ਰੂਰੀ ਸਮਾਨ ਲਿਆਉਣ ਦੀ ਥਾਂ ਵੱਡੀ ਮਾਤਰਾਂ ’ਚ ਮਿੱਟੀ ਦੇ ਬੋਰੇ ਭਰ ਕੇ ਲਿਆਉਣ। ਡੀ ਸੀ ਜਲੰਧਰ ਹਿਮਾਂਸ਼ੂ ਅਗਰਵਾਲ, ਏ ਡੀ ਸੀ ਜਸਬੀਰ ਸਿੰਘ, ਐੱਸ ਡੀ ਐੱਮ ਸ਼ਾਹਕੋਟ ਸ਼ੁਭੀ ਆਂਗਰਾ, ਡੀ ਐੱਸ ਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਬੰਨ੍ਹ ਉੱਪਰ ਚੱਲ ਰਹੇ ਕੰਮ ਦੀ ਨਿਗਰਾਨੀ ਕਰ ਰਹੇ ਹਨ।