ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਕਾਰਕੁਨ ਢਾਈ ਕਿਲੋ ਧਮਾਕਾਖੇਜ਼ ਸਮੱਗਰੀ ਨਾਲ ਕਾਬੂ
ਆੲੀ ਐੱਸ ਆੲੀ ਦੀ ਦਹਿਸ਼ਤ ਫੈਲਾੳੁਣ ਦਾ ਸਾਜ਼ਿਸ਼ ਦਾ ਪਰਦਾਫਾਸ਼: ਡੀ ਜੀ ਪੀ
Advertisement
ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਕਾਰਕੁਨਾਂ ਨੂੰ ਢਾਈ ਕਿਲੋਗ੍ਰਾਮ ਆਰ ਡੀ ਐਕਸ/ਆਈ ਈ ਡੀ ਅਤੇ ਇੱਕ ਰਿਮੋਟ ਕੰਟਰੋਲ ਸਮੇਤ ਗ੍ਰਿਫ਼ਤਾਰ ਕਰਕੇ ਪਾਕਿਸਤਾਨ ਅਧਾਰਤ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਦੀ ਦਹਿਸ਼ਤੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਡੀ ਜੀ ਪੀ ਗੌਰਵ ਯਾਦਵ ਨੇ ਇੱਥੇ ਦਿੱਤੀ। ਉਨ੍ਹਾਂ ਕਿਹਾ ਕਿ ਆਈ ਈ ਡੀ ਮਿੱਥ ਕੇ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਹਿੱਸਾ ਸੀ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮਾਸਟਰਮਾਈਂਡ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਿਰਦੇਸ਼ਾਂ ’ਤੇ ਯੂ ਕੇ ਅਧਾਰਤ ਹੈਂਡਲਰਾਂ ਨਿਸ਼ਾਨ ਜੌੜੀਆਂ ਅਤੇ ਆਦੇਸ਼ ਜਮਾਰਾਏ ਵੱਲੋਂ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਘੜੀ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਜਿੰਦਰ ਸਿੰਘ ਉਰਫ਼ ਰਿੰਕੂ ਵਾਸੀ ਪਿੰਡ ਅਠਵਾਲ (ਗੁਰਦਾਸਪੁਰ) ਅਤੇ ਦੀਵਾਨ ਸਿੰਘ ਉਰਫ਼ ਨਿੱਕੂ ਵਾਸੀ ਨਿੱਕੋ ਸਰਾਂ ਕਲਾਂ (ਗੁਰਦਾਸਪੁਰ) ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਇਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ, ਜਿਸ ’ਤੇ ਉਹ ਸਵਾਰ ਸਨ। ਪੁਲੀਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਕਾਬੂ ਕੀਤੇ ਗਏ ਦੋਵੇਂ ਵਿਅਕਤੀਆਂ ਨੂੰ ਜੌੜੀਆਂ ਅਤੇ ਜਮਾਰਾਏ ਤੋਂ ਸਿੱਧੇ ਨਿਰਦੇਸ਼ ਮਿਲ ਰਹੇ ਸਨ। ਡੀ ਜੀ ਪੀ ਨੇ ਕਿਹਾ ਕਿ ਪੁਖ਼ਤਾ ਇਤਲਾਹ ਮਿਲਣ ’ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਦੀਆਂ ਟੀਮਾਂ ਨੇ ਜਲੰਧਰ ਦੇ ਗੁਰੂ ਨਾਨਕਪੁਰਾ ਖੇਤਰ ਤੋਂ ਦੋਵਾਂ ਸ਼ੱਕੀਆਂ ਨੂੰ ਉਦੋਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਧਮਾਕਾਖੇਜ਼ ਸਮੱਗਰੀ ਕਿਸੇ ਹੋਰ ਟਿਕਾਣੇ ’ਤੇ ਪਹੁੰਚਾਉਣ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਪੁਲੀਸ ਸਟੇਸ਼ਨ ਐੱਸ ਐੱਸ ਓ ਸੀ, ਅੰਮ੍ਰਿਤਸਰ ’ਚ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ ਏ ਪੀ ਏ) ਦੀ ਧਾਰਾ 10, 13, 15, 17, 18, 18-ਬੀ ਅਤੇ 20 ਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ।
Advertisement
Advertisement