ਆਰ ਪੀ ਜੀ ਤੇ ਲਾਂਚਰ ਸਣੇ ਦੋ ਗ੍ਰਿਫ਼ਤਾਰ
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਅਤਿਵਾਦੀ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ ਪੀ ਜੀ) ਤੇ ਲਾਂਚਰ ਵੀ ਬਰਾਮਦ ਕੀਤਾ ਗਿਆ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਮਹਿਕਦੀਪ ਸਿੰਘ ਉਰਫ਼ ਮਹਿਕ (ਵਾਸੀ ਵਡਾਲੀ) ਅਤੇ ਆਦਿਤਿਆ ਵਾਸੀ ਪਿੰਡ ਭੱਗਾ ਛੀਨਾ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਆਰ ਪੀ ਜੀ, ਜਿਸ ਨੂੰ ਐਂਟੀ-ਟੈਂਕ ਰਾਕੇਟ ਲਾਂਚਰ ਵੀ ਕਿਹਾ ਜਾਂਦਾ ਹੈ, ਬਰਾਮਦ ਕੀਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਵਿੱਕੀ ਦੇ ਸੰਪਰਕ ਵਿੱਚ ਸਨ। ਉਸ ਦੀ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ ਐੱਸ ਆਈ ਦੇ ਕਿਸੇ ਕਾਰਕੁਨ ਨਾਲ ਵੀ ਗੱਲਬਾਤ ਹੁੰਦੀ ਸੀ। ਇਹ ਖੇਪ ਡਰੋਨ ਰਾਹੀਂ ਸਰਹੱਦ ਪਾਰੋਂ ਭੇਜੀ ਗਈ ਸੀ ਤੇ ਇਸ ਦੀ ਵਰਤੋਂ ਅਤਿਵਾਦੀ ਹਮਲੇ ਲਈ ਕੀਤੀ ਜਾਣੀ ਸੀ। ਅੰਮ੍ਰਿਤਸਰ ਦਿਹਾਤੀ ਦੇ ਐੱਸ ਐੱਸ ਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਇਹ ਖੇਪ ਅੱਗੇ ਕਿਸੇ ਨੂੰ ਪਹੁੰਚਾਉਣ ਜਾ ਰਹੇ ਸਨ। ਪੁਲੀਸ ਹੁਣ ਗੈਂਗਸਟਰ ਹਰਪ੍ਰੀਤ ਵਿੱਕੀ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ-ਪੜਤਾਲ ਕਰੇਗੀ। ਥਾਣਾ ਘਰਿੰਡਾ ਵਿੱਚ ਕੇਸ ਦਰਜ ਕਰ ਕੀਤਾ ਗਿਆ ਹੈ।