ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਬੱਡੀ ਖਿਡਾਰੀ ਕਤਲ ਮਾਮਲੇ ’ਚ ਦੋ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਪਿਸਤੌਲ ਬਰਾਮਦ; ਦੋ ਭਰਾਵਾਂ ਸਣੇ ਤਿੰਨ ਖ਼ਿਲਾਫ਼ ਕੇਸ ਦਰਜ
ਜਗਰਾਉਂ ਪੁਲੀਸ ਦੀ ਹਿਰਾਸਤ ਵਿੱਚ ਮੁਲਜ਼ਮ।
Advertisement

ਕਬੱਡੀ ਖਿਡਾਰੀ ਤੇਜਪਾਲ ਦੇ ਕਤਲ ’ਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਪਿਸਤੌਲ ਵੀ ਬਰਾਮਦ ਹੋਇਆ ਹੈ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਖਿਆ ਕਿ 31 ਅਕਤੂਬਰ ਨੂੰ ਤੇਜਪਾਲ ਸਿੰਘ ਆਪਣੇ ਦੋਸਤ ਪਰਲਾਭ ਸਿੰਘ ਵਾਸੀ ਪਿੰਡ ਅੱਬੂਪੁਰਾ ਤੇ ਲਵਦੀਪ ਸਿੰਘ ਵਾਸੀ ਪਿੰਡ ਗਿੱਦੜਵਿੰਡੀ ਨਾਲ ਕਾਰ ’ਚ ਪਸ਼ੂਆਂ ਲਈ ਖਲ ਦੀ ਬੋਰੀ ਲੈਣ ਗਿਆ ਸੀ ਅਤੇ ਜਿਥੇ ਪਹਿਲਾਂ ਹੀ ਹਰਪ੍ਰੀਤ ਸਿੰਘ ਉਰਫ਼ ਹਨੀ ਵਾਸੀ ਪਿੰਡ ਰੂੰਮੀ ਤੇ ਗਗਨਦੀਪ ਸਿੰਘ ਉਰਫ਼ ਗਗਨਾ ਵਾਸੀ ਪਿੰਡ ਕਿੱਲੀ ਚਾਹਲ (ਮੋਗਾ) ਖੜ੍ਹੇ ਸਨ।

ਉਨ੍ਹਾਂ ਨੇ ਤੇਜਪਾਲ ਤੇ ਉਸ ਦੇ ਦੋਸਤਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਹਰਜੋਬਨਪ੍ਰੀਤ ਸਿੰਘ ਉਰਫ਼ ਕਾਲਾ ਆਪਣੇ ਅਣਪਛਾਤੇ ਸਾਥੀ ਨਾਲ ਪਹੁੰਚ ਗਿਆ। ਹਰਪ੍ਰੀਤ ਨੇ ਤੇਜਪਾਲ ਨੂੰ ਗੋਲੀ ਮਾਰ ਦਿੱਤੀ। ਲੋਕ ਤੇਜਪਾਲ ਨੂੰ ਸਿਵਲ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

Advertisement

ਐੱਸ ਪੀ (ਡੀ) ਹਰਕਮਲ ਕੌਰ ਅਤੇ ਡੀ ਐੱਸ ਪੀ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਕਰੀਬ 20-21 ਦਿਨ ਪਹਿਲਾਂ ਤੇਜਪਾਲ ਦਾ ਦੋਸਤ ਪਰਲਾਭ ਸਿੰਘ ਆਪਣੀ ਪਤਨੀ, ਭੈਣ ਅਤੇ ਬੱਚਿਆਂ ਨਾਲ ਜਗਰਾਉਂ ਬਾਜ਼ਾਰ ’ਚ ਖ਼ਰੀਦੋ-ਫਰੋਖ਼ਤ ਕਰਨ ਲਈ ਆਇਆ ਸੀ। ਉਥੇ ਹਰਪ੍ਰੀਤ ਸਿੰਘ ਵੀ ਆਪਣੇ 5-6 ਸਾਥੀਆਂ ਨਾਲ ਮੌਜੂਦ ਸੀ। ਉਹ ਪਰਲਾਭ ਸਿੰਘ ਦੀ ਪਤਨੀ ਅਤੇ ਭੈਣ ਨੂੰ ਘੂਰ-ਘੂਰ ਕੇ ਦੇਖ ਰਹੇ ਸਨ। ਇਸ ਦੇ ਵਿਰੋਧ ਵਿੱਚ ਪਰਲਾਭ ਸਿੰਘ ਨੇ ਵੀ ਉਨ੍ਹਾਂ ਵੱਲ ਦੇਖਿਆ। ਇਸੇ ਕਾਰਨ ਹਰਪ੍ਰੀਤ ਸਿੰਘ ਹਨੀ ਤੇ ਹਰਜੋਬਨਪ੍ਰੀਤ ਸਿੰਘ ਕਾਲਾ ਜੋ ਦੋਵੇਂ ਸਕੇ ਭਰਾ ਹਨ, ਨੇ ਪਰਲਾਭ ਅਤੇ ਤੇਜਪਾਲ ਦੀ ਕੁੱਟਮਾਰ ਕੀਤੀ ਸੀ ਅਤੇ ਤੇਜਪਾਲ ਨੂੰ ਗੋਲੀ ਮਾਰੀ। ਐੱਸ ਪੀ (ਡੀ) ਹਰਕਮਲ ਕੌਰ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਦਾ ਪਿਛੋਕੜ ਅਪਰਾਧਿਕ ਹੈ ਤੇ ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਕੋਲੋਂ ਦੇਸੀ 30 ਬੋਰ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ ਹਨ।

ਸੋਸ਼ਲ ਮੀਡੀਆ ਤੋਂ ਜ਼ਿੰਮੇਵਾਰੀ ਵਾਲੀ ਪੋਸਟ ਹਟਾਈ

ਡੀ ਐੱਸ ਪੀ ਜਤਿੰਦਰ ਸਿੰਘ ਤੇ ਥਾਣਾ ਸ਼ਹਿਰੀ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵਿਅਕਤੀ ਨੇ ਖੁਦ ਹਟਾ ਦਿੱਤੀ ਹੈ। ਉਨ੍ਹਾਂ ਆਖਿਆ ਕਿ ਝੂਠੀ ਪੋਸਟ ਵਾਇਰਲ ਕਰ ਕੇ ਕੇਸ ਨੂੰ ਪ੍ਰਭਾਵਿਤ ਅਤੇ ਗ਼ਲਤ ਦਿਸ਼ਾ ’ਚ ਮੋੜਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਆਖਿਆ ਕਿ ਪੁਲੀਸ ਪੋਸਟ ਪਾਉਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ।

Advertisement
Show comments