ਆਨਲਾਈਨ ਧੋਖਾਧੜੀ ਕਰਨ ਵਾਲੇ ਮੱਧ ਪ੍ਰਦੇਸ਼ ਤੋਂ ਕਾਬੂ
ਚੰਡੀਗੜ੍ਹ ਪੁਲੀਸ ਦੇ ਥਾਣਾ ਸਾਈਬਰ ਕ੍ਰਾਈਮ ਨੇ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਅਤੇ ਦੀਪੇਸ਼ ਮਖੁਵਾਨਾ ਵਜੋਂ ਹੋਈ ਹੈ। ਇਹ ਕਾਰਵਾਈ ਪੁਲੀਸ ਨੇ ਚੰਡੀਗੜ੍ਹ ਦੀ ਰਹਿਣ ਵਾਲੀ ਹਜੀਰਨ ਕੌਰ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਦਾ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੇ ਫ਼ਰਜ਼ੀ ਆਨਲਾਈਨ ਟ੍ਰੇਡਿੰਗ ਸਿਸਟਮ ਤਿਆਰ ਕੀਤਾ ਹੋਇਆ ਹੈ, ਜਿਸ ਰਾਹੀਂ ਉਹ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਮੁਲਜ਼ਮਾਂ ਨੇ ਉਸ ਨੂੰ ਆਨਲਾਈਨ ਟਰੇਡਿੰਗ ਦੇ ਨਾਮ ’ਤੇ 2.87 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਥਾਣਾ ਸਾਈਬਰ ਕ੍ਰਾਈਮ ਨੇ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚੋਂ ਬੈਠ ਕੇ ਸਿਸਟਮ ਚਲਾ ਰਹੇ ਹਨ ਅਤੇ ਲੋਕਾਂ ਨਾਲ ਧੋਖਾਧੜੀ ਕਰ ਰਹੇ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਛਾਪੇਮਾਰੀ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲੀਸ ਨੇ ਮੁਲਜ਼ਮਾਂ ਤੋਂ ਦੋ ਮੋਬਾਈਲ ਫੋਨ ਅਤੇ 20 ਲੱਖ ਰੁਪਏ ਬਰਾਮਦ ਕੀਤੇ ਹਨ। ਥਾਣਾ ਸਾਈਬਰ ਕ੍ਰਾਈਮ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਣਪਛਾਤੇ ਵਿਅਕਤੀ ਦੀ ਸਲਾਹ ਨਾਲ ਕਿਧਰੇ ਵੀ ਨਿਵੇਸ਼ ਨਾ ਕਰਨ। ਇਸ ਤੋਂ ਇਲਾਵਾ ਕਿਸੇ ਵੀ ਅਣਜਾਣ ਵਿਅਕਤੀ ਨਾਲ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ।