ਮੂਸੇਵਾਲਾ ਕਤਲ ਦੇ ਸਾਜ਼ਿਸ਼ਘਾੜਿਆਂ ਦੇ ਫਰਜ਼ੀ ਪਾਸਪੋਰਟ ਬਣਾਉਣ ਵਾਲੇ ਦੋ ਕਾਬੂ
ਚੰਡੀਗੜ੍ਹ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਲੋਕਾਂ ਨਾਲ ਧੋਖਾਧੜੀਆਂ ਕਰਨ ਵਾਲੇ ਦੋ ਕੌਮਾਂਤਰੀ ਇਮੀਗ੍ਰੇਸ਼ਨ ਏਜੰਟਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਸਾਜਿਸ਼ਕਰਤਾਵਾਂ ਦੇ ਫਰਜ਼ੀ ਪਾਸਪੋਰਟ ਤਿਆਰ ਕੀਤੇ ਗਏ ਸਨ। ਦੋਵਾਂ ਦੀ ਪਛਾਣ ਹਰਮੀਤ ਸਿੰਘ ਵਾਸੀ ਕਪੂਰਥਲਾ ਅਤੇ ਅਰਜੀਤ ਕੁਮਾਰ ਵਾਸੀ ਦਿੱਲੀ ਵਜੋਂ ਹਈ ਹੈ। ਇਹ ਕਾਰਵਾਈ ਚੰਡੀਗੜ੍ਹ ਦੇ ਥਾਣਾ ਸੈਕਟਰ-34 ਦੀ ਪੁਲੀਸ ਨੇ ਮਨਜੀਤ ਸਿੰਘ ਵਾਸੀ ਕੈਥਲ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਅਗਸਤ 2022 ਵਿੱਚ ਉਸ ਨੇ ਆਪਣੇ ਭਰਾ, ਭਤੀਜੇ ਤੇ ਹੋਰਨਾਂ ਰਿਸ਼ਤੇਦਾਰਾਂ ਨਾਲ ਮਿਲ ਕੇ ਵਿਦੇਸ਼ ਜਾਣ ਲਈ ਏਜੰਟ ਨੂੰ 78 ਲੱਖ ਰੁਪਏ ਦਿੱਤੇ ਸਨ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਨੂੰ ਫਰਜ਼ੀ ਵੀਜ਼ਾ ਤੇ ਫਰਜ਼ੀ ਟਿਕਟਾਂ ਸੌਂਪ ਦਿੱਤੀਆਂ, ਜਦੋਂ ਉਹ ਹਵਾਈ ਅੱਡੇ ’ਤੇ ਪਹੁੰਚੇ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੇ ਵੀਜ਼ੇ ਨੂੰ ਫਰਜ਼ੀ ਦੱਸਦੇ ਹੋਏ ਰੋਕ ਦਿੱਤਾ। ਪੀੜਤ ਨੇ ਇਸ ਦੀ ਜਾਣਕਾਰੀ ਚੰਡੀਗੜ੍ਹ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮਾਮਲੇ ਦੀ ਜਾਂਚ ਕਰਦਿਆਂ ਦੋ ਸਾਲਾਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਦਰਜਨ ਤੋਂ ਵੱਧ ਪੁਲੀਸ ਕੇਸ ਦਰਜ ਹਨ। ਥਾਣਾ ਸੈਕਟਰ-34 ਦੀ ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵਾਂ ਮੁਲਜ਼ਮਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਸਾਜ਼ਿਸ਼ ਘੜਨ ਵਾਲਿਆਂ ਵਿੱਚ ਸ਼ਾਮਲ ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਰ ਸਣੇ ਹੋਰਨਾਂ ਦੇ ਫਰਜ਼ੀ ਪਾਸਪੋਰਟ ਤਿਆਰ ਕਰਕੇ ਦਿੱਤੇ ਸਨ। ਚੰਡੀਗੜ੍ਹ ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।