ਆੜ੍ਹਤੀਏ ਤੋਂ ਛੇ ਕਰੋੜ ਠੱਗਣ ਵਾਲੇ ਦੋ ਗ੍ਰਿਫ਼ਤਾਰ
ਜੋਗਿੰਦਰ ਸਿੰਘ ਮਾਨ
ਰਿਸ਼ਤੇਦਾਰਾਂ ਵੱਲੋਂ ਆੜ੍ਹਤੀਏ ਨਾਲ ਫ਼ਰਜ਼ੀ ਮਹਿਲਾ ਆਈਪੀਐੱਸ ਅਧਿਕਾਰੀ ਦੀ ਜਾਣ-ਪਛਾਣ ਕਰਵਾ ਕੇ ਛੇ ਕਰੋੜ ਰੁਪਏ ਠੱਗਣ ਦੇ ਮਾਮਲੇ ’ਚ ਮਾਨਸਾ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮਾਮਲੇ ਵਿੱਚ ਫ਼ਰਾਰ ਦੱਸੇ ਜਾਂਦੇ ਪੰਜ ਹੋਰ ਜਣਿਆਂ ਨੂੰ ਫੜ੍ਹਨ ਲਈ ਪੁਲੀਸ ਛਾਪੇ ਜਾਰੀ ਹਨ। ਥਾਣਾ ਸਦਰ ਮਾਨਸਾ ਦੀ ਪੁਲੀਸ ਅਨੁਸਾਰ ਇਸ ਕਰੋੜਾਂ ਦੀ ਠੱਗੀ ਵਿੱਚ ਰਾਏ ਸਿੰਘ ਵਾਸੀ ਸਿਰਸਾ ਦੇ ਬਿਆਨਾਂ ’ਤੇ ਸੋਨੂੰ ਅਤੇ ਉਸ ਦੇ ਪਿਤਾ ਮਾਹੀਪਾਲ, ਉਨ੍ਹਾਂ ਦੇ ਸਾਥੀ ਸ਼ਿਮਲਾ, ਰਾਜਪਾਲ, ਭੂਪ ਸਿੰਘ ਵਾਸੀ ਮੇੜੀਆ ਖੇੜਾ (ਸਿਰਸਾ), ਮਾਇਆ ਦੇਵੀ, ਉਸ ਦੇ ਪਤੀ ਸਰਬਣ ਕੁਮਾਰ ਵਾਸੀ ਮਾਧੋ ਧਿੰਆਨ (ਸਿਰਸਾ) ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਅੱਜ ਮਾਹੀਪਾਲ, ਭੂਪਾ ਸਿੰਘ ਵਾਸੀ ਮੇੜੀਆ ਖੇੜਾ (ਸਿਰਸਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਜ਼ਿਕਰਯੋਗ ਹੈ ਕਿ ਇੱਕ ਮਹਿਲਾ ਆਈਪੀਐੱਸ ਅਧਿਕਾਰੀ ਵੱਲੋਂ ਸ਼ੋਸਲ ਮੀਡੀਆ ’ਤੇ ਫ਼ਰਜ਼ੀ ਅਕਾਊਂਟ ਬਣਾ ਕੇ ਆੜ੍ਹਤੀਏ ਰਾਏ ਸਿੰਘ ਨੂੰ ਜਾਲ਼ ’ਚ ਫ਼ਸਾ ਕੇ ਉਸ ਕੋਲੋਂ ਕਰੋੜਾਂ ਰੁਪਏ ਠੱਗੇ ਗਏ। ਮਾਨਸਾ ਪੁਲੀਸ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਿਆ ਕਿ ਫਰਜ਼ੀ ਮਹਿਲਾ ਆਈਪੀਐੱਸ ਅਧਿਕਾਰੀ ਹੀ ਇਸ ਸਾਰੀ ਠੱਗੀ ਦੀ ਮੁੱਖ ਮੁਲਜ਼ਮ ਹੈ, ਜਿਸ ਨੇ ਆੜ੍ਹਤੀਏ ਨੂੰ ਆਪਣੇ ਜਾਲ਼ ਵਿੱਚ ਫਸਾ ਕੇ ਅਜਿਹੀ ਵੱਡੀ ਠੱਗੀ ਨੂੰ ਅੰਜਾਮ ਦਿੱਤਾ ਹੈ। ਇਸੇ ਦੌਰਾਨ ਮਾਨਸਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਤੱਥਾਂ ਦੇ ਆਧਾਰ ’ਤੇ ਪਰਚਾ ਦਰਜ ਕਰਨ ਤੋਂ ਬਾਅਦ ਹੁਣ ਆੜ੍ਹਤੀਏ ਨਾਲ ਠੱਗੀ ਮਾਰਨ ਵਾਲਿਆਂ ਨੂੰ ਫੜ੍ਹਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ।