ਮੰਦਰ ’ਚ ਚੋਰੀ ਤੇ ਬੇਅਦਬੀ ਦੇ ਦੋਸ਼ ਹੇਠ ਦੋ ਮੁਲਜ਼ਮ ਕਾਬੂ
ਲੰਘੀ ਚਾਰ ਅਤੇ ਪੰਜ ਅਗਸਤ ਦੀ ਦਰਮਿਆਨੀ ਰਾਤ ਨੂੰ ਮਾਲੇਰਕੋਟਲਾ ਦੇ ਢਾਈ ਸੌ ਸਾਲ ਪੁਰਾਣੇ ਜੈਨ ਮੰਦਰ ਵਿੱਚੋਂ ਧਾਰਮਿਕ ਗ੍ਰੰਥ, ਨਕਦੀ ਅਤੇ ਗਹਿਣੇ ਆਦਿ ਚੋਰੀ ਕਰਕੇ ਪਵਿੱਤਰ ਮੂਰਤੀਆਂ ਦੀ ਬੇਅਦਬੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜ਼ਿਲ੍ਹਾ ਪੁਲੀਸ ਪ੍ਰਬੰਧਕੀ ਕੰਪਲੈਕਸ ਵਿੱਚ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੁਹੰਮਦ ਅਜ਼ਹਰ ਉਰਫ਼ ਚਿੱਟਾ ਵਾਸੀ ਛੋਟਾ ਚੌਕ ਮੁਹੱਲਾ ਧੋਬੀਆਂ ਵਾਲਾ ਮਾਲੇਰਕੋਟਲਾ ਅਤੇ ਮੁਹੰਮਦ ਸੁਹੇਲ ਉਰਫ਼ ਨੱਟੂ ਵਾਸੀ ਤੇਲੀਆ ਬਾਜ਼ਾਰ ਜੱਟਪੁਰਾ ਮੁਹੱਲਾ ਮਾਲੇਰਕੋਟਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਐੱਸਪੀ (ਇਨਵੈਸਟੀਗੇਸ਼ਨ) ਸੱਤਪਾਲ ਸ਼ਰਮਾ ਅਤੇ ਡੀਐੱਸਪੀ (ਇਨਵੈਸਟੀਗੇਸ਼ਨ) ਸ਼ਤੀਸ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਕੌਰ ਐੱਸਐੱਚਓ ਥਾਣਾ ਸਿਟੀ-2 ਮਾਲੇਰਕੋਟਲਾ ਦੀ ਟੀਮ ਵੱਲੋਂ 5 ਅਗਸਤ ਨੂੰ ਕੇਸ ਦਰਜ ਕਰਨ ਮਗਰੋਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੰਦਰ ਵਿੱਚੋਂ ਚੋਰੀ ਕੀਤੇ ਪੰਜ ਸਟੀਲ ਦੇ ਗੱਲਿਆਂ ਸਣੇ ਜਿੰਦਰੇ, 12 ਹਜ਼ਾਰ ਰੁਪਏ, ਚਾਂਦੀ ਦੇ ਵੱਡੇ ਸਿੱਕੇ ਸਣੇ ਚਾਂਦੀ ਦੇ 20 ਛੋਟੇ ਸਿੱਕੇ, ਚਾਂਦੀ ਦੇ ਅੱਠ ਛੋਟੇ ਗਲਾਸ, ਗੱਲਾ ਤੋੜਨ ਲਈ ਵਰਤਿਆ ਸਾਮਾਨ ਬਰਾਮਦ ਕਰ ਲਿਆ ਹੈ। ਇਸ ਸਬੰਧੀ ਕੇਸ ਵਿੱਚ ਜੁਰਮ 317 (2) ਬੀਐੱਨਐੱਸ ਦਾ ਵਾਧਾ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਹੰਮਦ ਅਜ਼ਹਰ ਉਰਫ਼ ਚਿੱਟਾ ਖ਼ਿਲਾਫ਼ ਪਹਿਲਾਂ ਹੀ ਚੋਰੀ ਦੇ ਛੇ ਅਤੇ ਮੁਹੰਮਦ ਸੁਹੇਲ ਉਰਫ਼ ਨੱਟੂ ਖ਼ਿਲਾਫ਼ ਦੋ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ