ਗੜ੍ਹਸ਼ੰਕਰ ਨੇੜੇ ਮੁਕਾਬਲੇ ਦੌਰਾਨ ਦੋ ਮੁਲਜ਼ਮ ਗ੍ਰਿਫ਼ਤਾਰ
ਮੌਕੇ ’ਤੇ ਮੌਜੂਦ ਗੜ੍ਹਸ਼ੰਕਰ ਦੇ ਡੀ ਐੱਸ ਪੀ ਦਲਜੀਤ ਸਿੰਘ ਖੱਖ ਅਤੇ ਐੱਸ ਐੱਚ ਓ ਗਗਨਦੀਪ ਸਿੰਘ ਸੇਖੋਂ ਮੁਤਾਬਕ ਪੁਲੀਸ ਨੇ ਪਿੰਡ ਬਾਰਾਪੁਰ ਕੋਲ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਤੜਕੇ ਸਾਢੇ ਪੰਜ ਵਜੇ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਰੁਕਣ ਦੀ ਜਗ੍ਹਾ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਪੁਲੀਸ ਦੀ ਗੱਡੀ ’ਤੇ ਲੱਗੀ, ਜਦਕਿ ਦੂਜੀ ਗੋਲੀ ਸਮੁੰਦੜਾ ਚੌਕੀ ਦੇ ਇੰਚਾਰਜ ਏ ਐੱਸ ਆਈ ਸਤਨਾਮ ਸਿੰਘ ਦੀ ਛਾਤੀ ਵਿੱਚ ਲੱਗੀ। ਬੁਲੇਟਪਰੂਫ ਜੈਕੇਟ ਪਾਈ ਹੋਣ ਕਰਕੇ ਏ ਐੱਸ ਆਈ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ।
ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਇੱਕ ਗੋਲੀ ਨੌਜਵਾਨ ਦੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਦੇ ਦੂਜੇ ਸਾਥੀ ਨੂੰ ਵੀ ਮੌਕੇ ’ਤੇ ਹੀ ਕਾਬੂ ਕਰ ਲਿਆ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਲ ਕਰਵਾਇਆ ਗਿਆ, ਜਿਸ ਦੀ ਪਛਾਣ ਕਰਨਗੱਜ ਪਾਲ ਉਰਫ ਕੰਨੂੰ ਵਾਸੀ ਪਿੰਡ ਬੱਸੀ ਬਜੀਦ (ਹੁਸ਼ਿਆਰਪੁਰ) ਵਜੋਂ ਹੋਈ। ਇਸੇ ਤਰ੍ਹਾਂ ਦੂਜੇ ਦੀ ਪਛਾਣ ਸਿਮਰਪ੍ਰੀਤ ਸਿੰਘ ਉਰਫ ਸਿੰਮੂ ਵਾਸੀ ਇਬਰਾਹਿਮਪੁਰ, ਗੜ੍ਹਸ਼ੰਕਰ ਵਜੋਂ ਹੋਈ ਹੈ।
ਪੁਲੀਸ ਮੁਤਾਬਕ ਮੁਲਜ਼ਮਾਂ ਕੋਲੋਂ .32 ਬੋਰ ਦਾ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਇਆ ਹੈ। ਘਟਨਾ ਦੌਰਾਨ ਮੁਲਜ਼ਮਾਂ ਨੇ ਦੋ ਗੋਲੀਆਂ ਚਲਾਈਆਂ ਅਤੇ ਪੁਲੀਸ ਨੇ ਜਵਾਬੀ ਕਾਰਵਾਈ ਵਿੱਚ ਛੇ ਗੋਲੀਆਂ ਚਲਾਈਆਂ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਪਿਛਲੇ ਦਿਨੀਂ ਪਿੰਡ ਗੋਗੋਂ ਮਹਿਤਾਬਪੁਰ ਵਿੱਚ ਇੱਕ ਘਰ ’ਤੇ ਅਤੇ ਪਿੰਡ ਬੋੜਾ ਵਿੱਚ ਇੱਕ ਮੈਡੀਕਲ ਸਟੋਰ ’ਤੇ ਹੋਈ ਫਾਇਰਿੰਗ ਦੀਆਂ ਘਟਨਾਵਾਂ ਵਿੱਚ ਵੀ ਸ਼ਾਮਲ ਸਨ।
