ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਰੀਆ ਖਾਦ ਦੀਆਂ 600 ਬੋਰੀਆਂ ਨਾਲ ਲੱਦਿਆ ਟਰੱਕ ਜ਼ਬਤ

ਨਿੱਜੀ ਗੁਦਾਮ ’ਚ ਉਤਾਰੀ ਜਾ ਰਹੀ ਸੀ ਸਹਿਕਾਰੀ ਸਭਾ ਲਈ ਆਈ ਖਾਦ; ਕਿਸਾਨਾਂ ਦੇ ਧਰਨੇ ਮਗਰੋਂ ਸਕੱਤਰ ਖ਼ਿਲਾਫ਼ ਕੇਸ ਦਰਜ
ਯੂਰੀਆ ਖਾਦ ਦੀ ਹੇਰਾਫੇਰੀ ਖ਼ਿਲਾਫ਼ ਥਾਣੇ ’ਚ ਧਰਨਾ ਦਿੰਦੇ ਹੋਏ ਕਿਸਾਨ ਆਗੂ ਤੇ ਕਾਰਕੁਨ।
Advertisement

ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੇ ਯੂੁਰੀਆ ਖਾਦ ਦੀਆਂ ਲਗਪਗ 600 ਬੋਰੀਆਂ ਸਣੇ ਟਰੱਕ ਜ਼ਬਤ ਕੀਤਾ ਹੈ। ਪਿੰਡ ਭਿੱਟੇਵੱਡ ਦੀ ਇੱਕ ਸਹਿਕਾਰੀ ਸਭਾ ਨੂੰ ਜਾਰੀ ਯੂਰੀਆ ਖਾਦ ਦੀਆਂ ਬੋਰੀਆਂ ਕਥਿਤ ਤੌਰ ’ਤੇ ਲੰਘੀ ਦੇਰ ਰਾਤ ਨਿੱਜੀ ਗੁਦਾਮ ਵਿੱਚ ਉਤਾਰੀਆਂ ਜਾ ਰਹੀਆਂ ਸਨ। ਇਸ ਮਾਮਲੇ ’ਚ ਪੁਲੀਸ ਕਾਰਵਾਈ ਦੀ ਮੰਗ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਅਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਪੁਲੀਸ ਖ਼ਿਲਾਫ਼ ਧਰਨਾ ਵੀ ਦਿੱਤਾ ਗਿਆ।

ਦੂਜੇ ਪਾਸੇ ਪੁਲੀਸ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਪੁਲੀਸ ਟੀਮ ਵੱਲੋਂ ਸਹਿਕਾਰੀ ਸਭਾ ਦੇ ਅਧਿਕਾਰੀਆਂ ਨਾਲ ਮਿਲ ਕੇ ਮੌਕੇ ’ਤੇ ਛਾਪਾ ਮਾਰਿਆ ਗਿਆ। ਮੁੱਢਲੀ ਜਾਂਚ ਮਗਰੋਂ ਸਹਿਕਾਰੀ ਸਭਾ ਭਿੱਟੇਵੱਡ ਦੇ ਸਕੱਤਰ ਦਵਿੰਦਰ ਸਿੰਘ ਖ਼ਿਲਾਫ਼ ਧੋਖਾਧੜੀ ਤੇ ਅਪਰਾਧਕ ਸਾਜ਼ਿਸ਼ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Advertisement

ਸਹਾਇਕ ਪੁਲੀਸ ਕਮਿਸ਼ਨਰ ਡਾ. ਸ਼ੀਤਲ ਸਿੰਘ ਨੇ ਕਿਹਾ ਕਿ ਵੱਲਾ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਟਰੱਕ ਵਿੱਚੋਂ ਯੂਰੀਆ ਖਾਦ ਦੀਆਂ ਬੋਰੀਆਂ ਨਿੱਜੀ ਗੁਦਾਮ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਲਾਹੀਆਂ ਜਾ ਰਹੀਆਂ ਹਨ। ਇਹ ਯੂਰੀਆ ਭਿੱਟੇਵੱਡ ਪਿੰਡ ਦੀ ਸਹਿਕਾਰੀ ਸਭਾ ਵੱਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਟਰੱਕ ਜ਼ਬਤ ਕਰ ਲਿਆ ਹੈ ਜਿਸ ਵਿੱਚੋਂ ਲਗਪਗ 45-45 ਕਿਲੋ ਭਾਰ ਦੀਆਂ 64 ਬੋਰੀਆਂ ਨਿੱਜੀ ਗੋਦਾਮ ਵਿੱਚ ਉਤਾਰੀਆਂ ਜਾ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਮੌਕੇ ’ਤੇ ਪਹੁੰਚੀਆਂ ਤਾਂ ਮੁਲਜ਼ਮ ਦਵਿੰਦਰ ਸਿੰਘ ਮੌਕੇ ਤੋਂ ਖਿਸਕ ਗਿਆ ਤੇ ਟਰੱਕ ਡਰਾਈਵਰ ਵੀ ਟਰੱਕ ਲੈ ਕੇ ਫਰਾਰ ਹੋ ਗਿਆ, ਜਿਸ ਨੂੰ ਰਾਮ ਤੀਰਥ ਰੋਡ ਤੋਂ ਕਾਬੂ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਡਰਾਈਵਰ ਵੱਲੋਂ ਦਿਖਾਈ ਗਈ ਰਸੀਦ ’ਚ ਦਵਿੰਦਰ ਸਿੰਘ ਨੇ ਯੂਰੀਆ ਪ੍ਰਾਪਤ ਕਰਨ ਦੇ ਦਸਤਾਵੇਜ਼ਾਂ ’ਤੇ ਦਸਤਖ਼ਤ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਭਿੱਟੇਵੱਡ ਦੇ ਕਿਸਾਨਾਂ ਲਈ ਆਈ ਸਰਕਾਰੀ ਖ਼ਾਦ ਨੂੰ ਧੋਖੇ ਨਾਲ ਕਿਸੇ ਹੋਰ ਨੂੰ ਦੇਣਾ ਚਾਹੁੰਦਾ ਸੀ। ਕੁੱਲ ਹਿੰਦ ਕਿਸਾਨ ਸਭਾ ਅਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਸੂਬਾ ਸਕੱਤਰ ਲਖਬੀਰ ਸਿੰਘ ਨੇ ਕਿਹਾ ਕਿ ਵੀਰਵਾਰ ਦੇਰ ਰਾਤ ਟਰੱਕ ’ਚੋਂ ਇੱਕ ਗੁਦਾਮ ’ਚ ਗ਼ੈਰਕਾਨੂੰਨੀ ਤੌਰ ’ਤੇ ਇਹ ਯੂਰੀਆ ਖਾਦ ਉਤਾਰੀ ਜਾ ਰਹੀ ਸੀ। ਜਥੇਬੰਦੀ ਨੂੰ ਸੂਚਨਾ ਮਿਲਣ ’ਤੇ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਡਰਾਈਵਰ ਟਰੱਕ ਭਜਾ ਕੇ ਲੈ ਗਿਆ, ਜਿਸ ਨੂੰ ਫੜ ਕੇ ਵੱਲਾ ਚੌਕੀ ’ਚ ਲਿਆਂਦਾ ਗਿਆ ਪਰ ਜਦੋਂ ਪੁਲੀਸ ਨੇ ਕਾਰਵਾਈ ਤੋਂ ਟਾਲਮਟੋਲ ਕੀਤੀ ਤਾਂ ਜਥੇਬੰਦੀ ਨੇ ਰਾਤ ਵੇਲੇ ਹੀ ਥਾਣੇ ਅੰਦਰ ਧਰਨਾ ਲਾ ਦਿੱਤਾ। ਉਨ੍ਹਾਂ ਦੱਸਿਆ ਕਿ ਦੇਰ ਰਾਤ ਥਾਣਾ ਮਕਬੂਲਪੁਰ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਧਰਨਾ ਸਮਾਪਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਅੰਮ੍ਰਿਤਸਰ ਜ਼ਿਲ੍ਹੇ ’ਚ ਪਿਛਲੇ ਸਮੇਂ ਦੌਰਾਨ ਆਈ ਖਾਦ ਸਬੰਧੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

Advertisement