ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਭਾ ਦੇ ਈ ਓ ਦੀ ਕੋਠੀ ’ਚੋਂ ਨਿਕਲਿਆ ਟਰਾਲੀਆਂ ਦਾ ਸਾਮਾਨ

ਈ ਓ ਸਣੇ ਸਾਰਿਆਂ ਕੋਲੋਂ ਪਡ਼ਤਾਲ ਕੀਤੀ ਜਾਵੇਗੀ: ਡੀ ਐੱਸ ਪੀ
ਨਾਭਾ ਵਿੱਚ ਈ ਓ ਦੀ ਕੋਠੀ ਵਿੱਚ ਪੁਟਾਈ ਕਰਦੀ ਹੋਈ ਜੇ ਸੀ ਬੀ।
Advertisement

ਇਥੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ (ਈ ਓ) ਦੀ ਸਰਕਾਰੀ ਰਿਹਾਇਸ਼ ਵਿੱਚ ਜੇ ਸੀ ਬੀ ਨਾਲ ਪੁਟਾਈ ਕੀਤੀ ਗਈ ਤਾਂ ਜ਼ਮੀਨ ’ਚ ਦੱਬਿਆ ਟਰਾਲੀ ਦਾ ਸਾਮਾਨ ਬਰਾਮਦ ਹੋਇਆ ਹੈ। ਇਸ ਸਬੰਧੀ ਸੂਹ ਮਿਲਣ ਮਗਰੋਂ ਮੰਗਲਵਾਰ ਤੋਂ ਕਿਸਾਨ ਈ ਓ ਦੀ ਕੋਠੀ ਅੱਗੇ ਧਰਨੇ ’ਤੇ ਬੈਠੇ ਸਨ। ਬੁੱਧਵਾਰ ਨੂੰ ਤਹਿਸੀਲਦਾਰ ਅੰਕੁਸ਼ ਕੁਮਾਰ ਤੇ ਪਟਿਆਲਾ ਸੀ ਆਈ ਏ ਸਟਾਫ ਦੀ ਹਾਜ਼ਰੀ ’ਚ ਕੋਠੀ ਦੀ ਬਗ਼ੀਚੀ ’ਚ ਪੁਟਾਈ ਕੀਤੀ ਗਈ ਤਾਂ ਟਰਾਲੀ ਦਾ ਵਿੱਢ ਅਤੇ ਜਾਲ ਬਰਾਮਦ ਹੋਏ। ਕਿਸਾਨਾਂ ਨੇ ਦੋਸ਼ ਲਾਇਆ ਕਿ ਇਹ ਸਾਮਾਨ ਸ਼ੰਭੂ ਮੋਰਚੇ ਤੋਂ ਚੋਰੀ ਹੋਈ ਟਰਾਲੀ ਦਾ ਹੈ। ਕਿਸਾਨ ਆਗੂ ਗਮਦੂਰ ਸਿੰਘ ਨੇ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਪਰ ਇੱਥੇ ਤਾਂ ਸਰਕਾਰ ਖ਼ੁਦ ਹੀ ਲੋਕਾਂ ਦਾ ਸਾਮਾਨ ਕਥਿਤ ਚੋਰੀ ਕਰਵਾ ਰਹੀ ਹੈ। ਇੰਨਾ ਹੀ ਨਹੀਂ ਸਬੂਤ ਖ਼ਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਨਾਭਾ ਵਿਧਾਇਕ, ਈ ਓ ਸਣੇ ਮੁੱਖ ਮੰਤਰੀ ਉੱਪਰ ਵੀ ਸਵਾਲ ਚੁੱਕੇ। ਚਮਕੌਰ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਜਿਸ ਦਿਨ ਪੱਪੂ ਦੀ ਵਰਕਸ਼ਾਪ ਵਿੱਚੋਂ ਟਰਾਲੀਆਂ ਦਾ ਸਾਮਾਨ ਬਰਾਮਦ ਹੋਇਆ ਸੀ, ਉਸ ਤੋਂ ਅਗਲੇ ਦਿਨ ਕਥਿਤ ਸਰਕਾਰ ਨੇ ਇਹ ਸਾਮਾਨ ਇੱਥੇ ਦੱਬਿਆ ਸੀ। ਇਸ ਬਾਬਤ ਨਾਭਾ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ ਉੱਪਰ ਪਹਿਲਾਂ ਹੀ ਦੋ ਕੇਸ ਦਰਜ ਹਨ ਜਿਸ ਦੀ ਪੜਤਾਲ ਸੀ ਆਈ ਏ ਪਟਿਆਲਾ ਕਰ ਰਿਹਾ ਹੈ। ਪੁਟਾਈ ਤੋਂ ਪਿਛਲੀ ਰਾਤ ਹੀ ਕਿਸਾਨੀ ਧਰਨੇ ਨੂੰ ਦੇਖਦੇ ਹੋਏ ਪੰਕਜ ਪੱਪੂ ਨੇ ਸੋਸ਼ਲ ਮੀਡੀਆ ’ਤੇ ਕਿਹਾ ਸੀ ਕਿ ਜੇ ਈ ਓ ਦੀ ਕੋਠੀ ’ਚੋਂ ਕੋਈ ਸਾਮਾਨ ਮਿਲਦਾ ਹੈ ਤਾਂ ਉਸ (ਪੱਪੂ) ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਸ ਦੀ ਪਤਨੀ ਨੇ ਤਿੰਨ ਮਹੀਨਿਆਂ ਤੋਂ ਪ੍ਰਧਾਨਗੀ ਤੋਂ ਛੁੱਟੀ ਲਈ ਹੋਈ ਹੈ। ਪੱਪੂ ਨੇ ਕਿਹਾ ਕਿ ਪਾਤੜਾਂ ਤੇ ਘਨੌਰ ਜਿੱਥੋਂ ਪੂਰੀਆਂ ਟਰਾਲੀਆਂ ਹੀ ਬਰਾਮਦ ਹੋਈਆਂ ਸਨ, ਉੱਥੇ ਤਾਂ ਕਿਸਾਨ ਧਰਨੇ ਨਹੀਂ ਦਿੰਦੇ ਪਰ ਇੱਥੇ ਕੁਝ ਕੌਂਸਲਰਾਂ ਦੇ ਕਹਿਣ ’ਤੇ ਅਜਿਹਾ ਕੀਤਾ ਜਾ ਰਿਹਾ ਹੈ। ਉਸ ਖ਼ਿਲਾਫ਼ ਟਰਾਲੀ ਚੋਰੀ ਦਾ ਪਹਿਲਾ ਕੇਸ ਦਰਜ ਕਰਵਾਉਣ ਵਿੱਚ ਕਥਿਤ ਦਲਾਲ ਕ੍ਰਿਸ਼ਨੂੰ ਨੇ ਵੀ ਦਬਾਅ ਬਣਾਇਆ ਸੀ। ਨਾਭਾ ਦੀ ਡੀ ਐੱਸ ਪੀ ਮਨਦੀਪ ਕੌਰ ਨੇ ਦੱਸਿਆ ਕਿ ਈ ਓ ਗੁਰਚਰਨ ਸਿੰਘ ਸਣੇ ਸਭ ਕੋਲੋਂ ਪੜਤਾਲ ਕੀਤੀ ਜਾਵੇਗੀ।

ਕੋਠੀ ਨੂੰ ਸ਼ੁਰੂ ਤੋਂ ਹੀ ਪੰਕਜ ਪੱਪੂ ਵਰਤ ਰਿਹੈ: ਈ ਓ

ਈ ਓ ਗੁਰਚਰਨ ਸਿੰਘ ਨੇ ਕਿਹਾ ਕਿ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਛੁੱਟੀ ’ਤੇ ਜਾਣ ਮਗਰੋਂ ਵੀ ਰੋਕਣ ਦੇ ਬਾਵਜੂਦ ਉਨ੍ਹਾਂ ਦੇ ਪਤੀ ਪੰਕਜ ਪੱਪੂ ਨੇ ਦਖ਼ਲਅੰਦਾਜ਼ੀ ਬੰਦ ਨਹੀਂ ਕੀਤੀ। ਉਹ 2023 ਵਿੱਚ ਨਾਭਾ ’ਚ ਤਾਇਨਾਤ ਕੀਤੇ ਗਏ, ਇਸ ਤੋਂ ਪਹਿਲਾਂ ਹੀ ਇਹ ਕੋਠੀ ਪੰਕਜ ਪੱਪੂ ਵੱਲੋਂ ਵਰਤੀ ਜਾ ਰਹੀ ਸੀ। ਈ ਓ ਨੇ ਕਿਹਾ ਕਿ ਇਹ ਕੋਠੀ ਰਹਿਣ ਯੋਗ ਨਾ ਹੋਣ ਕਾਰਨ ਉਹ ਨਾਭਾ ਨੇੜੇ ਆਪਣੇ ਪਿੰਡ ਬਿਰੜਵਾਲ ਰਹਿੰਦੇ ਸਨ। ਕੌਂਸਲਰਾਂ ਨੇ ਅਕਤੂਬਰ 2022 ਵਿੱਚ ਮਤਾ ਪਾ ਕੇ ਪੰਕਜ ਪੱਪੂ ਨੂੰ ਸਮਾਜ ਸੇਵੀ ਐਲਾਨਿਆ ਸੀ ਤੇ ਬਿਨਾਂ ਮਾਣਭੱਤੇ ਤੋਂ ਸ਼ਹਿਰ ਦੀ ਸਫ਼ਾਈ ’ਚ ਸਹਿਯੋਗ ਦੀ ਆਗਿਆ ਦਿੱਤੀ ਸੀ। ਟਰਾਲੀ ਚੋਰੀ ਦੇ ਦੋਸ਼ਾਂ ਮਗਰੋਂ ਕੌਂਸਲ ਪ੍ਰਧਾਨ ਚਾਵਲਾ ਅਗਸਤ ਮਹੀਨੇ ਛੁੱਟੀ ’ਤੇ ਚਲੇ ਗਏ ਪਰ ਪੰਕਜ ਪੱਪੂ ਦੀ ਦਖ਼ਲਅੰਦਾਜ਼ੀ ਜਾਰੀ ਰਹੀ। ਉਸ ਨੂੰ ਰੋਕਣ ਲਈ ਦੋ ਵਾਰ ਕੌਂਸਲ ਪ੍ਰਧਾਨ ਨੂੰ ਲਿਖਿਆ ਗਿਆ ਸੀ। ਪ੍ਰਧਾਨ ਦੇ ਪਤੀ ਖ਼ਿਲਾਫ਼ ਬੋਲਣ ਵਾਲੇ ਈ ਓ ਖ਼ਿਲਾਫ਼ ਮਤਾ ਪਾ ਦਿੱਤਾ ਜਾਂਦਾ ਹੈ। ਪੱਪੂ ਨੇ ਕੋਠੀ ਅੰਦਰ ਆਪਣਾ ਦਫ਼ਤਰ ਵੀ ਬਣਾ ਰੱਖਿਆ ਸੀ।

Advertisement

Advertisement
Show comments