ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੌਂਸਲ ਪ੍ਰਧਾਨ ਦੇ ਪਲਾਟ ’ਚੋਂ ਟਰਾਲੀਆਂ ਦੇ ਟਾਇਰ ਤੇ ਹੋਰ ਸਾਮਾਨ ਬਰਾਮਦ

ਕਿਸਾਨਾਂ ਦੇ ਦਬਾਅ ਮਗਰੋਂ ਪੁਲੀਸ ਨੇ ਲਈ ਪਲਾਟ ਦੀ ਤਲਾਸ਼ੀ; ਮਾਮਲੇ ’ਚ ਡੀਡੀਆਰ ਦਰਜ
ਦੇਰ ਰਾਤ ਨਗਰ ਕੌਂਸਲ ਪ੍ਰਧਾਨ ਦੇ ਪਲਾਟ ਚੋ ਟਰਾਲੀਆਂ ਦੇ ਟਾਇਰ ਆਦਿ ਬਰਾਮਦ ਕਰਦੀ ਪੁਲੀਸ ਅਤੇ ਕਿਸਾਨ।
Advertisement

‘ਆਪ’ ਆਗੂ ਅਤੇ ਨਗਰ ਕੌਂਸਲ ਪ੍ਰਧਾਨ ਦੇ ਪਲਾਟ ਦੇ ਬਾਹਰ ਲੱਗੇ ਕਿਸਾਨਾਂ ਦੇ ਧਰਨੇ ਮਗਰੋਂ ਰਾਤ 11.30 ਵਜੇ ਪੁਲੀਸ ਨੇ ਇਥੋਂ ਟਰਾਲੀਆਂ ਦੇ ਚਾਰ ਟਾਇਰ ਰਿੱਮ ਸਣੇ, ਟਰਾਲੀ ਦੀ ਹੁੱਕ, ਜੈੱਕ ਤੇ ਡੰਡਾ ਘੋੜੀ ਬਰਾਮਦ ਕੀਤੇ ਹਨ। ਪੁਲੀਸ ਨੇ ਸਾਮਾਨ ਕਬਜ਼ੇ ਵਿੱਚ ਲੈ ਕੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਸ਼ਿਕਾਇਤ ’ਤੇ ਡੀਡੀਆਰ ਦਰਜ ਕੀਤੀ ਹੈ। ਨਾਭਾ ਕੋਤਵਾਲੀ ਦੇ ਐੱਸਐੱਚਓ ਨੇ ਦੱਸਿਆ ਕਿ ਸ਼ੰਭੂ ਵਿੱਚ ਟਰਾਲੀ ਚੋਰੀ ਦੇ ਕੇਸ ਦਰਜ ਹਨ ਤੇ ਇਹ ਸਾਮਾਨ ਕੇਸ ਦੇ ਤਫਤੀਸ਼ੀ ਅਫਸਰ ਦੇ ਸਪੁਰਦ ਕੀਤਾ ਜਾਵੇਗਾ ਤੇ ਅੱਗੇ ਦੀ ਕਾਰਵਾਈ ਉਨ੍ਹਾਂ ਦੀ ਪੜਤਾਲ ਮੁਤਾਬਕ ਹੋਵੇਗੀ। ਇਸ ਮੌਕੇ ਜਸਵਿੰਦਰ ਸਿੰਘ ਨੇ ਦੋ ਟਾਇਰਾਂ ਦੀ ਸ਼ਨਾਖਤ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦੇ ਪਿੰਡ ਦੀ ਟਰਾਲੀ ਦੇ ਹਨ। ਉਨ੍ਹਾਂ ਨੇ ਹੁੱਕ ਅਤੇ ਹੋਰ ਸਾਮਾਨ ਦੀ ਵੀ ਪਛਾਣ ਕੀਤੀ ਤੇ ਟਰਾਲੀ ਬਣਾਉਣ ਵਾਲੇ ਮਿਸਤਰੀ ਨੂੰ ਵੀ ਲੌਂਗੋਵਾਲ ਤੋਂ ਬੁਲਾ ਕੇ ਇਸ ਦੀ ਪਛਾਣ ਕਰਵਾਈ ਹੈ। ਕਿਸਾਨਾਂ ਨੇ ਦੱਸਿਆ ਕਿ ਬਾਕੀ ਦੋ ਟਾਇਰ ਅੰਮ੍ਰਿਤਸਰ ਦੀ ਇੱਕ ਟਰਾਲੀ ਦੇ ਲੱਗਦੇ ਹਨ ਤੇ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਟਰਾਲੀ ਮਾਲਕ ਪਛਾਣ ਲਈ ਬੁਲਾਏ ਹੋਏ ਹਨ। ਕਿਸਾਨਾਂ ਮੁਤਾਬਕ ਮਾਰਚ ਮਹੀਨੇ ਪੁਲੀਸ ਵੱਲੋਂ ਜਬਰੀ ਹਟਾਏ ਸ਼ੰਭੂ ਮੋਰਚੇ ’ਚੋਂ ਕਿਸਾਨਾਂ ਦੀਆਂ 36 ਟਰਾਲੀਆਂ ਗਾਇਬ ਹੋਈਆਂ ਸਨ, ਜਿਨ੍ਹਾਂ ਵਿੱਚੋਂ 14 ਲੱਭ ਲਈਆਂ ਹਨ ਤੇ 22 ਦੀ ਭਾਲ ਜਾਰੀ ਹੈ। ਕਿਸਾਨਾਂ ਦੇ ਦਾਅਵੇ ਮੁਤਾਬਕ ਨਗਰ ਕੌਂਸਲ ਦੇ ਦੋ ਟਰੈਕਟਰ ਅਤੇ ਇੱਕ ਬੋਲੈਰੋ ਗੱਡੀ ਵਿੱਚ ਕੌਂਸਲ ਤੋਂ ਪੰਜ ਜਣੇ ਸ਼ੰਭੂ ਜਾ ਕੇ ਟਰਾਲੀਆਂ ਲੈ ਕੇ ਆਏ ਸਨ। ਇਸ ਬਾਰੇ ਪੰਕਜ ਪੱਪੂ ਨੇ ਕਿਹਾ,‘‘ਅਸੀਂ ਡੀਸੀ ਪਟਿਆਲਾ ਦੇ ਹੁਕਮਾਂ ਮੁਤਾਬਕ ਸ਼ੰਭੂ ਗਏ ਸੀ ਤੇ ਉੱਥੇ ਟਰਾਲੀਆਂ ਆਦਿ ਤੋਂ ਰਸਤੇ ਸਾਫ਼ ਕੀਤੇ। ਮੇਰੇ ਵਿਰੋਧੀਆਂ ਨੇ ਕਿਸਾਨਾਂ ਨੂੰ ਮੇਰੇ ਖ਼ਿਲਾਫ਼ ਭੜਕਾਇਆ ਹੈ।’’

ਮੈਂ ਖੁਦ ਨਗਰ ਕੌਂਸਲ ਦੀਆਂ ਟਰਾਲੀਆਂ ਦੀ ਮੁਰੰਮਤ ਕਰਦਾ ਹਾਂ: ਪੰਕਜ ਪੱਪੂ

ਪਤਨੀ ਦੇ ਕੌਂਸਲ ਪ੍ਰਧਾਨ ਬਣਨ ਤੋਂ ਪਹਿਲਾਂ ਗੇਟ ਦੇ ਕਾਰੀਗਰ ਰਹੇ ਪੰਕਜ ਪੱਪੂ ਨੇ ਕਿਹਾ ਕਿ ਉਸ ਪਲਾਟ ’ਚ ਉਨ੍ਹਾਂ ਦੇ ਪਿਤਾ ਦੀ ਵਰਕਸ਼ਾਪ ਹੁੰਦੀ ਸੀ, ਜਿਥੇ ਹੁਣ ਉਹ ਖੁਦ ਨਗਰ ਕੌਂਸਲ ਦੀਆਂ ਟਰਾਲੀਆਂ ਦੀ ਮੁਰੰਮਤ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਟਾਇਰ ਖਰਾਬ ਹੋਣ ’ਤੇ ਕਾਗਜ਼ ਪੱਤਰੀ ’ਚ ਕੂੜਾ ਚੁੱਕਣ ਦਾ ਐਮਰਜੈਂਸੀ ਕੰਮ ਨਾ ਰੁਕੇ, ਇਸ ਕਾਰਨ ਉਹ ਕਈ ਵਾਰੀ ਪੁਰਾਣੇ ਟਾਇਰ ਖ਼ਰੀਦ ਕੇ ਖੁਦ ਹੀ ਬਦਲ ਦਿੰਦੇ ਹਨ।

Advertisement

ਕੌਂਸਲ ਦੀਆਂ ਟਰਾਲੀਆਂ ਮੁਰੰਮਤ ਲਈ ਨਹੀਂ ਭੇਜੀਆਂ ਜਾਂਦੀਆਂ: ਈਓ

ਕੌਂਸਲ ਦੇ ਕਾਰਜਸਾਧਕ ਅਫਸਰ ਗੁਰਚਰਨ ਸਿੰਘ ਨੇ ਇਸ ਗੱਲ ਦਾ ਖੰਡਨ ਕਰਦੇ ਹੋਏ ਕਿਹਾ ਕਿ ਨਗਰ ਕੌਂਸਲ ਦੀ ਟਰਾਲੀਆਂ ਮੁਰੰਮਤ ਲਈ ਉਸ ਵਰਕਸ਼ਾਪ ’ਚ ਨਹੀਂ ਭੇਜੀਆਂ ਜਾਂਦੀਆਂ। ਇੱਕ ਤਕਨੀਕੀ ਅਧਿਕਾਰੀ ਨੇ ਦੱਸਿਆ ਕਿ ਕੌਂਸਲ ਪੁਰਾਣਾ ਸਾਮਾਨ ਨਹੀਂ ਖਰੀਦ ਸਕਦੀ ਤੇ ਐਮਰਜੈਂਸੀ ਹਲਾਤ ਵਿੱਚ ਈਓ ਕੋਲ ਬਿਨਾਂ ਟੈਂਡਰ 70 ਹਜ਼ਾਰ ਰੁਪਏ ਖਰਚਣ ਦੀ ਪਾਵਰ ਹੈ।

Advertisement