ਹਰਮੇਲ ਟੌਹੜਾ ਨੂੰ ਸਰਕਾਰੀ ਨੁਮਾਇੰਦਿਆਂ ਸਣੇ ਸਿਆਸੀ ਆਗੂਆਂ ਵੱਲੋਂ ਸ਼ਰਧਾਂਜਲੀ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਉਚੇਚੇ ਤੌਰ ’ਤੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੂੰ ਸ਼ੋਕ ਸੰਦੇਸ਼ ਦੇ ਕੇ ਭੇਜਿਆ, ਉਥੇ ਨਾਭਾ ਦੇ ਵਿਧਾਇਕ ਦੇਵ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ੋਕ ਸੰਦੇਸ਼ ਲੈ ਕੇ ਪੁੱਜੇ। ਇਸ ਤੋਂ ਇਲਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਸਰਕਾਰ ਦੀ ਤਰਫ਼ੋਂ ਉਚੇਚੇ ਤੌਰ ’ਤੇ ਸ਼ਰਧਾਂਜਲੀ ਵੀ ਭੇਟ ਕੀਤੀ, ਜਦਕਿ ‘ਆਪ’, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਮਾਨ ਦਲ, ਅਕਾਲੀ ਦਲ ਸੁਤੰਤਰ, ਕਾਂਗਰਸ, ਬਸਪਾ ਤੇ ਖੱਬੇ ਪੱਖੀ ਧਿਰਾਂ ਦੇ ਆਗੂਆਂ ਸਮੇਤ ਕਈ ਧਾਰਮਿਕ ਸੰਸਥਵਾਂ ਦੇ ਨੁਮਾਇੰਦੇ ਵੀ ਇਸ ਸਮਾਗਮ ਦਾ ਹਿੱਸਾ ਬਣੇ, ਜਿਨ੍ਹਾਂ ਨੇ ਹਰਮੇਲ ਸਿੰਘ ਟੌਹੜਾ ਤੋਂ ਇਲਾਵਾ ਮਹਾਨ ਸ਼ਖ਼ਸੀਅਤ ਗੁਰਚਰਨ ਸਿੰਘ ਟੌਹੜਾ ਵੀ ਨਾ ਸਿਰਫ਼ ਯਾਦ ਕੀਤਾ, ਬਲਕਿ ਉਨ੍ਹਾਂ ਨੂੰ ਸਮਾਜ ਦੀ ਇੱਕ ਸਰਵ ਪਵਾਨਤ ਤੇ ਪਾਏਦਾਰ ਸ਼ਖ਼ਸੀਅਤ ਵੀ ਕਰਾਰ ਦਿੱਤਾ। ਕਈ ਬੁਲਾਰਿਆਂ ਨੇ ਤਾਂ ਉਸ ਹਸਤੀ ਦੇ ਪਾਏ ਪੂਰਨਿਆਂ ’ਤੇ ਚੱਲ ਰਹੇ ਟੌਹੜਾ ਪਰਿਵਾਰ ਤੋਂ ਸੇਧ ਲੈਣ ਦੀ ਗੱਲ ਵੀ ਬੇਬਾਕੀ ਨਾਲ ਆਖੀ।
ਸਾਬਕਾ ਮੰਤਰੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜੀਆਂ ਸ਼ਖਸ਼ੀਅਤਾਂ ’ਚ ਹਰਜਿੰਦਰ ਸਿੰਘ ਧਾਮੀ, ਬਾਬਾ ਬਲਬੀਰ ਸਿੰਘ, ਜਗਦੀਸ਼ ਸਿੰਘ ਝੀਂਡਾ, ਸੁਰਜੀਤ ਸਿੰਘ ਗੜ੍ਹੀ, ਪ੍ਰੇਮ ਸਿੰਘ ਚੰਦੂਮਾਜਰਾ, ਗਿਆਨੀ ਹਰਪ੍ਰੀਤ ਸਿੰਘ, ਪ੍ਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਕੁਲਤਾਰ ਸਿੰਘ ਸੰਧਵਾਂ, ਡਾ ਬਲਬੀਰ ਸਿੰਘ, ਹਰਪਾਲ ਸਿੰਘ ਚੀਮਾ, ਮਨੋਰੰਜਨ ਕਾਲੀਆ, ਸੁੱਚਾ ਸਿੰਘ ਛੋਟੇਪੁਰ, ਦਲਜੀਤ ਚੀਮਾ, ਅਮਰੀਕ ਮਲਿਕਪੁਰ, ਦੇਵ ਮਾਨ, ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਹਰਵਿੰਦਰ ਹਰਪਾਲਪੁਰ, ਸਰਨਜੀਤ ਜੋਗੀਪੁਰ, ਗਿਆਨ ਮੂੰਗੋ, ਹਰਵਿੰਦਰ ਖਨੌੜਾ, ਹੈਰੀਮਾਨ, ਸਰਨਜੀਤ ਜੋਗੀਪੁਰ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਬਲਵਿੰਦਰ ਦੌਣ, ਜਸਪਾਲ ਕਲਿਆਣ, ਹਰਿੰਦਰਪਾਲ ਚੰਦੂਮਾਜਰਾ, ਭੁਪਿੰਦਰ ਬਧੌਛੀ, ਤੇਜਿੰਦਰਪਾਲ ਸੰਧੂ, ਹਰਪ੍ਰੀਤ ਕੌਰ ਮੁਖਮੈਲਪੁਰ, ਜਸਦੇਵ ਨੂਗੀ, ਰਾਣਾ ਨਿਰਮਾਣ, ਸੁਖਜੀਤ ਬਘੌਰਾ, ਪਰਮਜੀਤ ਕੌਰ ਲਾਂਡਰਾਂ ਅਤੇ ਕਰਨੈਲ ਪੀਰਮੁਹੰਮਦ ਮੌਜੂਦ ਹਨ।
ਇਸ ਵਿਸ਼ਾਲ ਇਕੱਠ ਨੇ ਜਿੱਥੇ ਹਰਮੇਲ ਟੌਹੜਾ ਦੀ ਪਤਨੀ ਬੀਬੀ ਕੁਲਦੀਪ ਕੌਰ ਟੌਹੜਾ ਦੀ ਭਰਵੀਂ ਸ਼ਲਾਘਾ ਕੀਤੀ, ਉਥੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਹਰਿੰਦਰਪਾਲ ਟੌਹੜਾ ਅਤੇ ਕੰਵਰਵੀਰ ਟੌਹੜਾ ਨੂੰ ਸਤਿਕਾਰ ਵਜੋਂ ਸਿਰੋਪਾਓ ਅਤੇ ਪੱਗੜੀਆਂ ਵੀ ਭੇਟ ਕੀਤੀਆਂ। ਅੰਤ ’ਚ ਸੰਗਤ ਦੇ ਧੰਨਵਾਦ ਦੌਰਾਨ ਆਪਣੇ ਪਿਤਾ ਦੇ ਭੋਗ ਸਮਾਗਮ ’ਚ ਜੁੜੇ ਇਸ ਲਾਮਿਸਾਲ ਇਕੱਠ ਨੂੰ ਦੇਖ ਕੇ ਪ੍ਰਭਾਵਿਤ ਹੋਏ ਹਰਿੰਦਰਪਾਲ ਟੌਹੜਾ ਦਾ ਗੱਚ ਵੀ ਭਰ ਆਇਆ।