ਜੰਮੂ ਲਈ ਰੇਲ ਗੱਡੀਆਂ ਰੱਦ
ਪਹਾੜੀ ਇਲਾਕਿਆਂ ਵਿੱਚ ਹੋਈ ਭਾਰੀ ਬਰਸਾਤ ਦੇ ਮੱਦੇਨਜ਼ਰ ਰੇਲਵੇ ਡਿਵੀਜ਼ਨ ਵੱਲੋਂ 18 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਰੱਦ ਕੀਤੀਆਂ ਗੱਡੀਆਂ ਵਿਚ ਨਵੀਂ ਦਿੱਲੀ-ਕਟਰਾ ਵੰਦੇ ਭਾਰਤ, ਕਟਰਾ-ਸੂਬੇਦਾਰਗੰਜ ਐਕਸਪ੍ਰੈੱਸ, ਊਧਮਪੁਰ-ਪਠਾਨਕੋਟ ਐਕਸਪ੍ਰੈੱਸ, ਕਟਰਾ-ਨਵੀਂ ਦਿੱਲੀ ਐਕਸਪ੍ਰੈੱਸ, ਜੰਮੂ-ਤਵੀ ਐਕਸਪ੍ਰੈੱਸ, ਕਟਰਾ-ਰਿਸ਼ੀਕੇਸ਼ ਐਕਸਪ੍ਰੈੱਸ ਅਤੇ ਕਾਲਕਾ-ਕਟਰਾ ਐਕਸਪ੍ਰੈੱਸ ਸ਼ਾਮਲ ਹਨ। ਪਠਾਨਕੋਟ ਵਿੱਚ ਹੜ੍ਹਾਂ ਕਾਰਨ ਰੇਲਵੇ ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਦੇ ਨਤੀਜੇ ਵਜੋਂ ਜੰਮੂ ਜਾਣ ਵਾਲੀਆਂ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਅੰਬਾਲਾ ਰੇਲਵੇ ਡਿਵੀਜ਼ਨ ਦੇ ਸੀਨੀਅਰ ਡੀਸੀਐੱਮ ਨਵੀਨ ਕੁਮਾਰ ਝਾਅ ਨੇ ਕਿਹਾ ਕਿ ਜੰਮੂ ਤੇ ਕਈ ਥਾਵਾਂ ’ਤੇ ਪਟੜੀਆਂ ’ਤੇ ਪਾਣੀ ਹੋਣ ਕਾਰਨ ਰੇਲਾਂ ਰੱਦ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਵਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਸਵਾਰੀਆਂ ਦਾ ਜਾਨੀ ਅਤੇ ਮਾਲੀ ਨੂਕਸਾਨ ਨਾ ਹੋਵੇ ਤਾਂ ਹੀ ਇਹ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਟਿਕਟਾਂ ਲਈਆਂ ਹੋਈਆਂ ਸਨ, ਉਨ੍ਹਾਂ ਨੂੰ ਰਿਫੰਡ ਦਿੱਤਾ ਜਾ ਰਿਹਾ ਹੈ ਅਤੇ ਵੱਖ-ਵੱਖ ਥਾਵਾਂ ’ਤੇ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ। ਉਧਰ, ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੱਡੀਆਂ ਰੱਦ ਹੋਣ ਬਾਰੇ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਗਈ। ਇਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।