ਵਿਧਾਨ ਸਭਾ ਦੇ ਮੌਕ ਸੈਸ਼ਨ ਲਈ ਵਿਦਿਆਰਥੀਆਂ ਨੂੰ ਸਿਖਲਾਈ
ਪੰਜਾਬ ਵਿਧਾਨ ਸਭਾ ਵੱਲੋਂ ਸੰਵਿਧਾਨ ਦਿਵਸ ’ਤੇ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਮੌਕ ਸੈਸ਼ਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਬਤੌਰ ਵਿਧਾਇਕ ਹਿੱਸਾ ਲਿਆ ਜਾਵੇਗਾ। ਅੱਜ ਪੰਜਾਬ ਵਿਧਾਨ ਸਭਾ ਦੇ ਮੌਕ ਸੈਸ਼ਨ ਲਈ ਸੂਬੇ ਦੇ 117 ਹਲਕਿਆਂ ਤੋਂ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਹੈ, ਤਾਂ ਜੋ ਉਹ ਇਸ ਸਦਨ ਵਿੱਚ ਆਪਣੇ ਹਲਕੇ ਦੇ ਮੁੱਦਿਆਂ ਨੂੰ ਉਠਾ ਸਕਣ ਅਤੇ ਉਨ੍ਹਾਂ ਬਾਰੇ ਵਿਚਾਰ ਚਰਚਾ ਕਰ ਸਕਣ। ਇਸ ਮੌਕ ਸੈਸ਼ਨ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਜਗਮੰਦਰ ਸਿੰਘ ਸਪੀਕਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕਾ ਧੂਰੀ ਦੇ ਵਿਦਿਆਰਥੀ ਹਰਕਮਲਦੀਪ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ, ਜਦੋਂ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵਿਧਾਨ ਸਭਾ ਹਲਕਾ ਕਾਦੀਆਂ ਦਾ ਵਿਦਿਆਰਥੀ ਹਰਪ੍ਰੀਤ ਸਿੰਘ ਵਿਰੋਧੀ ਧਿਰ ਦੇ ਆਗੂ ਦੀ ਨੁਮਾਇੰਦਗੀ ਕਰੇਗਾ। ਇਸ ਤੋਂ ਇਲਾਵਾ ਵੱਖ-ਵੱਖ ਹਲਕਿਆਂ ਦੇ ਵਿਦਿਆਰਥੀ ਕੈਬਨਿਟ ਮੰਤਰੀਆਂ ਅਤੇ ਆਪੋ-ਆਪਣੇ ਹਲਕੇ ਦੇ ਵਿਧਾਇਕ ਦੀ ਜ਼ਿੰਮੇਵਾਰੀ ਨਿਭਾਉਣਗੇ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਵਿਧਾਨ ਸਭਾ ਦਾ ਇਹ ਮੌਕ ਸੈਸ਼ਨ ਵਿਦਿਆਰਥੀਆਂ ਵਿੱਚ ਰਾਜਨੀਤੀ ਵਿੱਚ ਦਿਲਚਸਪੀ ਪੈਦਾ ਕਰਨ ਅਤੇ ਆਪਣੇ ਭਵਿੱਖੀ ਜੀਵਨ ਵਿੱਚ ਰਾਜਸੀ ਆਗੂ ਬਣਨ ਲਈ ਪ੍ਰੇਰਿਤ ਕਰੇਗਾ। ਇਸ ਤਰ੍ਹਾਂ ਵਿਦਿਆਰਥੀ ਸੰਵਿਧਾਨ ਦਾ ਵਿਹਾਰਕ ਗਿਆਨ ਸਿੱਖਣਗੇ ਅਤੇ ਵਿਧਾਨਕ ਪ੍ਰਕਿਰਿਆਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਣਗੇ। ਵਿਦਿਆਰਥੀਆਂ ਨੂੰ ਮੌਕ ਸੈਸ਼ਨ ਦੌਰਾਨ ਸਵਾਲ ਪੁੱਛਣ ਦੀ ਸਿਖਲਾਈ ਦਿੱਤੀ ਗਈ ਹੈ। ਸਕੱਤਰ ਪੰਜਾਬ ਵਿਧਾਨ ਸਭਾ ਰਾਮ ਲੋਕ ਖਟਾਨਾ ਨੇ ਨਿੱਜੀ ਤੌਰ ’ਤੇ ਵਿਦਿਆਰਥੀਆਂ ਨੂੰ ਮੌਕ ਸੈਸ਼ਨ ਦੌਰਾਨ ਸਵਾਲ ਪੁੱਛਣ ਅਤੇ ਆਪਣੇ ਸ਼ੰਕਿਆਂ ਤੇ ਸਵਾਲਾਂ ਦੇ ਜਵਾਬ ਹਾਸਲ ਕਰਨ ਬਾਰੇ ਜਾਣਕਾਰੀ ਦਿੱਤੀ। ਪੰਜਾਬ ਵਿਧਾਨ ਸਭਾ ਦੇ ਮੌਕ ਸੈਸ਼ਨ ਦੇ ਸਿਖਲਾਈ ਸੈਸ਼ਨ ਦੌਰਾਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਅਧਿਆਪਕ ਅਤੇ ਕੋਆਰਡੀਨੇਟਰ ਵੀ ਆਏ ਸਨ। ਉਨ੍ਹਾਂ ਨੇ ਇਸ ਪਹਿਲ ਲਈ ਪੰਜਾਬ ਸਰਕਾਰ ਅਤੇ ਸਪੀਕਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਵਿਲੱਖਣ ਅਤੇ ਸ਼ਾਨਦਾਰ ਪਹਿਲ ਹੈ। ਇਸ ਮੌਕ ਸੈਸ਼ਨ ਦੀ ਰਿਹਰਸਲ ਦੌਰਾਨ ਵਿਧਾਇਕ ਮੁਹੰਮਦ ਜ਼ਮੀਲ ਉਰ ਰਹਿਮਾਨ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਸਿੱਧੂ, ਬਲਕਾਰ ਸਿੱਧੂ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਮੌਜੂਦ ਰਹੇ।
