ਪਹਿਲੀ ਜੁਲਾਈ ਤੋਂ ਵਧਣਗੇ ਰੇਲ ਕਿਰਾਏ
ਨਵੀਂ ਦਿੱਲੀ (ਟਨਸ): ਭਾਰਤੀ ਰੇਲਵੇ ਪਹਿਲੀ ਜੁਲਾਈ ਤੋਂ ਕਿਰਾਏ ਵਿੱਚ ਮਾਮੂਲੀ ਵਾਧਾ ਕਰਨ ਜਾ ਰਹੀ ਹੈ। ਨਵੀਆਂ ਦਰਾਂ ਤਹਿਤ ਨਾਨ-ਏਸੀ ਮੇਲ ਅਤੇ ਐਕਸਪ੍ਰੈਸ ਟਰੇਨਾਂ ਦਾ ਕਿਰਾਇਆ 1 ਪੈਸਾ ਪ੍ਰਤੀ ਕਿਲੋਮੀਟਰ ਵਧੇਗਾ, ਜਦਕਿ ਏਸੀ ਟਰੇਨਾਂ ਜਿਵੇਂ ਕਿ ਏਸੀ ਚੇਅਰ ਕਾਰ, ਏਸੀ 3-ਟੀਅਰ ਅਤੇ ਫਸਟ ਏਸੀ ਲਈ ਟਿਕਟਾਂ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਜਾਵੇਗਾ। ਇਸੇ ਤਰ੍ਹਾਂ 500 ਕਿਲੋਮੀਟਰ ਤੋਂ ਵੱਧ ਲੰਬੀ ਦੂਰੀ ਵਾਲੀ ਆਮ ਸੈਕਿੰਡ ਕਲਾਸ ਯਾਤਰਾ ਲਈ ਕਿਰਾਏ ਵਿੱਚ ਅੱਧਾ ਪੈਸਾ ਪ੍ਰਤੀ ਕਿਲੋਮੀਟਰ ਵਾਧਾ ਹੋ ਰਿਹਾ ਹੈ। 500 ਕਿਲੋਮੀਟਰ ਤੋਂ ਘੱਟ ਦੀ ਯਾਤਰਾ,ਸਬ-ਅਰਬਨ ਟਰੇਨਾਂ ਅਤੇ ਮਹੀਨਾਵਾਰੀ ਸੀਜ਼ਨ ਟਿਕਟਾਂ (ਐੱਮਐੱਸਟੀ) ਲਈ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਹ ਵਾਧਾ ਨਾਮਾਤਰ ਹੀ ਹੈ। ਉਦਾਹਰਨ ਵਜੋਂ ਨਾਨ-ਏਸੀ ਟਰੇਨ ਵਿੱਚ 100 ਕਿਲੋਮੀਟਰ ਦੀ ਯਾਤਰਾ ਕਰਨ ’ਤੇ ਮਹਿਜ਼ ਇੱਕ ਰੁਪਿਆ ਅਤੇ ਏਸੀ ਟਰੇਨ ਵਿੱਚ 100 ਕਿਲੋਮੀਟਰ ਯਾਤਰਾ ’ਤੇ ਦੋ ਰੁਪਏ ਵਧਾਏ ਗਏ ਹਨ। ਇਸ ਤੋਂ ਇਲਾਵਾ ਪਹਿਲੀ ਜੁਲਾਈ ਤੋਂ ਆਨਲਾਈਨ ਤਤਕਾਲ ਟਿਕਟਾਂ ਬੁੱਕ ਕਰਨ ਲਈ ਆਧਾਰ ਕਾਰਡ ਦੀ ਲੋੜ ਹੋਵੇਗੀ। 15 ਜੁਲਾਈ ਤੋਂ ਯਾਤਰੀਆਂ ਨੂੰ ਬੁਕਿੰਗ ਕਰਨ ਲਈ ਓਟੀਪੀ ਵੀ ਦਰਜ ਕਰਨਾ ਪਵੇਗਾ।