ਤਰਾਸਦੀ: ਹੜ੍ਹਾਂ ਕਾਰਨ ਘਰ ਦੇ ਵਿਹੜੇ ’ਚ ਕੀਤਾ ਸਸਕਾਰ
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਹੜ੍ਹਾਂ ਨਾਲ ਹੋਈ ਤਬਾਹੀ ਦੇ ਸਦਮੇ ਕਾਰਨ ਬਿਮਾਰ ਹੋ ਗਏ ਸਨ ਕਿਉਂਕਿ ਉਨ੍ਹਾਂ ਦੀ ਝੋਨੇ ਦੀ ਸਾਰੀ ਫ਼ਸਲ ਤਬਾਹ ਹੋ ਗਈ ਸੀ। ਆਖ਼ਰ ਉਹ ਦਮ ਤੋੜ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਿਸ਼ਤੀ ਰਾਹੀਂ ਹੀ ਆਇਆ ਜਾ ਸਕਦਾ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਐੱਮਪੀ ਲੈਡ ਫੰਡ ਵਿੱਚੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੋਟਰ ਬੋਟ ਦਿੱਤੀ ਸੀ, ਉਸ ਰਾਹੀਂ ਹੀ ਅਫ਼ਸੋਸ ਕਰਨ ਲਈ ਆਉਣ ਵਾਲੇ ਸਕੇ-ਸਬੰਧੀਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਲਿਆਂਦਾ ਗਿਆ।
ਕਿਸ਼ਤੀ ਰਾਹੀਂ ਸਕੂਲ ਪੁੱਜਦੇ ਨੇ ਪਾੜ੍ਹੇ
ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਪਾਣੀ ਅਜੇ ਵੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਬੱਚਿਆਂ ਨੂੰ ਕਿਸ਼ਤੀਆਂ ਰਾਹੀਂ ਆਉਣਾ ਪੈ ਰਿਹਾ ਹੈ। ਮਾਪੇ ਸਵੇਰੇ ਹੀ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਕਿਸ਼ਤੀਆਂ ਵਿੱਚ ਬਿਠਾ ਕੇ ਸਕੂਲ ਜਾਣ ਵਾਲੀ ਬੱਸ ਤੱਕ ਲੈ ਕੇ ਜਾਂਦੇ ਹਨ। ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਦੱਸਿਆ ਕਿ ਪਾਣੀ ਉਦੋਂ ਹੀ ਘਟੇਗਾ ਜਦੋਂ ਤੱਕ ਟੁੱਟਿਆ ਆਰਜ਼ੀ ਬੰਨ੍ਹ ਬੰਨ੍ਹਿਆ ਨਹੀਂ ਜਾਂਦਾ। ਉਨ੍ਹਾਂ ਦਾ ਕਹਿਣਾ ਸੀ ਕਿ ਬਿਆਸ ਦਰਿਆ ਦੇ ਬਦਲੇ ਵਹਿਣ ਨੇ ਉਨ੍ਹਾਂ ਦੇ ਪਿੰਡ ਦੁਆਲੇ ਆਪਣਾ ਰਾਹ ਬਣਿਆ ਲਿਆ ਹੈ। ਬਿਆਸ ਦਰਿਆ ਕਈ ਕਿਸਾਨਾਂ ਦੇ ਘਰ ਅੱਗੇ ਆ ਕੇ ਵਗਣ ਲੱਗ ਪਿਆ ਹੈ।