ਕੀਰਤਪੁਰ ਸਾਹਿਬ-ਨੇਰ ਚੌਕ ਸੜਕ ’ਤੇ ਆਵਾਜਾਈ ਅੱਜ ਤੋਂ
ਬੀ ਐੱਸ ਚਾਨਾ
ਸ੍ਰੀ ਕੀਰਤਪੁਰ ਸਾਹਿਬ, 5 ਅਗਸਤ
ਨਵੇਂ ਬਣੇ ਸ੍ਰੀ ਕੀਰਤਪੁਰ ਸਾਹਿਬ -ਨੇਰ ਚੌਕ (ਹਿਮਾਚਲ ਪ੍ਰਦੇਸ਼) ਫੋਰ ਲਾਈਨ ਸੜਕੀ ਮਾਰਗ ’ਤੇ ਭਲਕੇ ਜਿੱਥੇ ਆਵਾਜਾਈ ਸ਼ੁਰੂ ਹੋਵੇਗੀ ਉੱਥੇ ਹੀ ਪਿੰਡ ਮੋੜਾ ਵਿਖੇ ਲੱਗਿਆ ਟੌਲ ਪਲਾਜ਼ਾ ਵੀ ਐਤਵਾਰ ਤੋਂ ਸਵੇਰੇ ਅੱਠ ਵਜੇ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕਾਈਲਾਰਕ ਇਨਫਰਾ ਇੰਜਨੀਅਰਿੰਗ ਪ੍ਰਾਈਵੇਟ ਲਿਮਟਡ ਦੇ ਅਪਰੇਸ਼ਨ ਹੈੱਡ ਅਨਿਲ ਕੁਮਾਰ ਨੇ ਦੱਸਿਆ ਕਿ ਉਕਤ ਟੌਲ ਪਲਾਜ਼ੇ ਨੂੰ ਸ਼ੁਰੂ ਕਰਨ ਲਈ ਭਲਕੇ ਸਵੇਰੇ ਅੱਠ ਵਜੇ ਐੱਨਐੱਚਏਆਈ ਦੇ ਅਧਿਕਾਰੀ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਇਸ ਸੜਕ ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਬਰਾਰੀ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਤੱਕ ਬਣਾਇਆ ਗਿਆ ਹੈ ਅਤੇ ਇਸ ਮਾਰਗ ’ਤੇ ਚੱਲਣ ਵਾਲੇ ਵਾਹਨਾਂ ਦਾ ਉਨ੍ਹਾਂ ਦੀ ਕੰਪਨੀ ਵੱਲੋਂ ਟੌਲ ਵਸੂਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਕੀਰਤਪੁਰ ਸਾਹਿਬ ਤੋਂ ਬਰਾਰੀ ਬਿਲਾਸਪੁਰ ਤੱਕ ਤਿੰਨ ਸੁਰੰਗਾਂ ਰਾਹੀਂ ਲਗਪਗ 35 ਕਿਲੋਮੀਟਰ ਦਾ ਸਫ਼ਰ ਕੀਰਤਪੁਰ ਸਾਹਿਬ ਅਤੇ ਬਿਲਾਸਪੁਰ ਦੇ ਵਿਚਕਾਰ ਦਾ ਘੱਟ ਹੋਵੇਗਾ।
ਦੂਜੇ ਪਾਸੇ ਇਸ ਮਾਰਗ ਦੇ ਸ਼ੁਰੂ ਹੋਣ ਨਾਲ ਸਿੱਧਾ ਫਾਇਦਾ ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਹੋਵੇਗਾ ਕਿਉਂਕਿ ਜਿੱਥੇ ਸਫ਼ਰ ਦੀ ਦੂਰੀ ਅਤੇ ਸਮਾਂ ਪਹਿਲਾਂ ਨਾਲੋਂ ਕਾਫ਼ੀ ਘੱਟ ਜਾਵੇਗਾ ਉੱਥੇ ਹੀ ਇਹ ਸਫ਼ਰ ਹੁਣ ਪਹਿਲਾਂ ਨਾਲੋ ਬੇਹੱਦ ਆਰਾਮਦਾਇਕ ਵੀ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਬਾਬਾ ਬਾਲਕ ਨਾਥ ਜਾਣ ਵਾਲੀਆਂ ਸੰਗਤਾਂ ਦਾ ਸ੍ਰੀ ਕੀਰਤਪੁਰ ਸਾਹਿਬ ਤੋਂ ਤਿੰਨ ਚਾਰ ਘੰਟੇ ਦਾ ਸਫ਼ਰ ਸੀ, ਹੁਣ ਉਹ ਇਸ ਪਾਸੇ ਤੋਂ ਜਾਣ ਨਾਲ ਲਗਭਗ 40-50 ਮਿੰਟ ਦਾ ਰਹਿ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਚੱਲਣ ਨਾਲ ਲੋਕਾਂ ਨੂੰ ਲੰਬੇ ਜਾਮ ਤੋਂ ਮੁਕਤੀ ਮਿਲੇਗੀ।