ਪੰਦਰਾਂ ਦਿਨਾਂ ਬਾਅਦ ਮਿਲਿਆ ਹੜ੍ਹ ’ਚ ਫਸਿਆ ਟਰੈਕਟਰ
ਹਰਦੀਪ ਸਿੰਘ
ਦਰਿਆ ਸਤਲੁਜ ਦੇ ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਬਰਬਾਦੀ ਦਾ ਮੰਜ਼ਰ ਸਾਹਮਣੇ ਆਉਣ ਲੱਗਿਆ ਹੈ। ਹਲਕੇ ਦੇ ਪਿੰਡ ਸੰਘੇੜਾ ਦੇ ਕਿਸਾਨ ਦਾ ਟਰੈਕਟਰ 15 ਦਿਨਾਂ ਮਗਰੋਂ ਰੇਤ ਵਿੱਚ ਦੱਬਿਆ ਮਿਲਿਆ ਹੈ। ਪੀੜਤ ਕਿਸਾਨਾਂ ਨੇ ਦੱਸਿਆ ਉਹ ਆਪਣੇ ਟਰੈਕਟਰ 26 ਅਗਸਤ ਨੂੰ ਸਤਲੁਜ ਕਿਨਾਰੇ ਆਪਣੇ ਖੇਤ ਵਾਹੁਣ ਤੋਂ ਬਾਅਦ ਉੱਥੇ ਹੀ ਖੜ੍ਹਾ ਕਰ ਆਏ ਸਨ। ਇਹ ਟਰੈਕਟਰ ਛੇ ਏਕੜ ਜ਼ਮੀਨ ਦੇ ਮਾਲਕ ਤਿੰਨ ਕਿਸਾਨ ਭਰਾਵਾਂ ਦਾ ਸਾਂਝਾ ਸੀ। ਫ਼ਸਲਾਂ ਤੇ ਜ਼ਮੀਨ ਬਰਬਾਦ ਹੋਣ ਦੇ ਨਾਲ਼-ਨਾਲ਼ ਉਨ੍ਹਾਂ ਦਾ ਟਰੈਕਟਰ ਵੀ ਹੜ੍ਹਾਂ ਦੀ ਭੇਟ ਚੜ੍ਹ ਗਿਆ ਹੈ। ਕਿਸਾਨ ਭਰਾਵਾਂ ਬਚਨ ਸਿੰਘ, ਭਜਨ ਸਿੰਘ ਅਤੇ ਜੰਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਛੇ ਏਕੜ ਜ਼ਮੀਨ ਦਰਿਆ ਦੇ ਕਿਨਾਰੇ ’ਤੇ ਹੈ। ਸਤਲੁਜ ਦੇ ਪਾਣੀ ਕਾਰਨ ਹਰ ਸਾਲ ਹੀ ਉਨ੍ਹਾਂ ਦੀ ਖੇਤੀ ਦਾ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਕੋਲ ਰੁਜ਼ਗਾਰ ਦਾ ਕੋਈ ਬਦਲਵਾਂ ਸਾਧਨ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਉਜੜਦੇ ਤੇ ਮੁੜ ਵੱਸਦੇ ਹਨ। ਪੀੜਤ ਕਿਸਾਨ ਭਰਾਵਾਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਉਨ੍ਹਾਂ ਹਾਲਤ ਬਦਤਰ ਹੋ ਚੁੱਕੀ ਹੈ। ਪਿੰਡ ਦੇ ਸਾਬਕਾ ਸਰਪੰਚ ਸਰੂਪ ਸਿੰਘ ਮੁਤਾਬਕ ਇਸ ਵਾਰ ਦੇ ਹਾਲਾਤ ਸਾਲ 2023 ਵਿੱਚ ਆਏ ਹੜ੍ਹਾਂ ਤੋਂ ਗੰਭੀਰ ਹਨ। ਸਤਲੁਜ ਨੇ ਇਸ ਵਾਰ ਭਾਰੀ ਤਬਾਹੀ ਕੀਤੀ ਹੈ। ਐੱਸ ਡੀ ਐੱਮ ਹਿਤੇਸ਼ ਵੀਰ ਗੁਪਤਾ ਨੇ ਦੱਸਿਆ ਕਿ ਕਿਸਾਨਾਂ ਦੇ ਟਰੈਕਟਰ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਇਸ ਸਬੰਧੀ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਤਾਇਨਾਤ ਅਮਲੇ ਤੋਂ ਰਿਪੋਰਟ ਮੰਗੀ ਗਈ ਹੈ।