ਤਨਖਾਹ ਨਾ ਦੇੇੇਣ ’ਤੇ ਪਰਚੀ ਮੁਕਤ ਕੀਤਾ ਟੌਲ ਪਲਾਜ਼ਾ
ਸੁਦੇਸ਼ ਕੁਮਾਰ ਹੈਪੀ
ਕੌਮੀ ਸ਼ਾਹਰਾਹ ਨੰਬਰ 54 (ਬਠਿੰਡਾ-ਅੰਮ੍ਰਿਤਸਰ ਸੈਕਸ਼ਨ) ਦੇ ਕੋਟ ਕਰੋੜ ਕਲਾਂ ਟੌਲ ਪਲਾਜ਼ਾ ’ਤੇ ਕਾਮਿਆਂ ਨੇ ਅੱਜ ਧਰਨਾ ਦਿੱਤਾ। ਉਨ੍ਹਾਂ ਅੱਜ ਸਵੇਰੇ 10 ਵਜੇ ਪਲਾਜ਼ਾ ਨੂੰ ਪਰਚੀ ਮੁਕਤ ਕਰ ਦਿੱਤਾ। ਇਸ ਕਾਰਨ ਰਾਹਗੀਰ ਬਿਨਾਂ ਫ਼ੀਸ ਅਦਾ ਕੀਤੇ ਹੀ ਇੱਥੋਂ ਲੰਘੇ। ਧਰਨੇ ’ਤੇ ਬੈਠੇ ਕਾਮਿਆਂ ਦੇ ਆਗੂ ਸੰਦੀਪ ਸਿੰਘ ਖੋਸਾ ਕੋਟਲਾ ਤੇ ਸੁਖਜੀਤ ਸਿੰਘ ਖੋਸਾ ਕੋਟ ਕਰੋੜੀਆ ਨੇ ਦੱਸਿਆ ਕਿ ਪਲਾਜ਼ਾ ਦਾ ਟੈਂਡਰ ਹੁਣ ਹੋਰ ਕੰਪਨੀ ਨੂੰ ਅਲਾਟ ਹੋ ਗਿਆ ਹੈ। ਪੁਰਾਣੀ ਕੰਪਨੀ ਰਾਇਲ ਦੀਪ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਿਡ ਦੀ ਮਨਸ਼ਾ ਠੀਕ ਨਹੀਂ ਹੈ, ਜਿਸ ਕਾਰਨ ਕੰਪਨੀ ਇੱਥੇ ਤਾਇਨਾਤ 60 ਕਾਮਿਆਂ ਦੀ ਤਨਖ਼ਾਹ ਦੇਣ ਤੋਂ ਆਨਾਕਾਨੀ ਕਰ ਰਹੀ ਹੈ। ਪਹਿਲਾਂ ਹਰ ਮਹੀਨੇ ਦੀ 6-7 ਤਰੀਕ ਤੱਕ ਕਾਮਿਆਂ ਨੂੰ ਮਿਹਨਤਾਨਾ ਮਿਲ ਜਾਂਦਾ ਸੀ। ਅੱਜ 8 ਸਤੰਬਰ ਦਾ ਦਿਨ ਵੀ ਬੀਤ ਚੁੱਕਾ ਹੈ। ਕਾਮੇ ਸਵੇਰ ਤੋਂ ਹੜਤਾਲ ’ਤੇ ਹਨ, ਇਸ ਦੇ ਬਾਵਜੂਦ ਕੰਪਨੀ ਨੇ ਉਨ੍ਹਾਂ ਨਾਲ ਰਾਬਤਾ ਨਹੀਂ ਕੀਤਾ। ਆਗੂਆਂ ਨੇ ਦੱਸਿਆ ਕਿ ਕੰਪਨੀ ਪਿਛਲੇ ਮਹੀਨੇ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੇ 9 ਦਿਨਾਂ ਦੀ ਤਨਖ਼ਾਹ ਵੀ ਕੱਟਣ ਦੇ ਰੌਂਅ ਵਿੱਚ ਹੈ। ਕੰਪਨੀ ਨੇ ਸੂਬੇ ਦੀ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਆਗੂਆਂ ਤੋਂ ਦੋ ਦਿਨਾਂ ਵਿੱਚ ਮਸਲਾ ਹੱਲ ਕਰਨ ਦਾ ਸਮਾਂ ਲਿਆ ਸੀ, ਪਰ ਵਾਅਦਾ ਵਫ਼ਾ ਨਾ ਹੋਣ ’ਤੇ ਅੱਜ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੋ ਜਾਂਦਾ, ਟੌਲ ’ਤੇ ਪਰਚੀ ਬੰਦ ਰਹੇਗੀ।
ਕਿਸੇ ਕਾਮੇ ਦਾ ਹੱਕ ਨਹੀਂ ਮਾਰਾਂਗੇ: ਅਧਿਕਾਰੀ
ਰਾਇਲ ਦੀਪ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਿਡ ਦੇ ਸਤਨਾਮ ਸਿੰਘ ਨੇ ਕਿਹਾ ਕਿ ਕੰਪਨੀ ਕਿਸੇ ਕਾਮੇ ਦਾ ਹੱਕ ਨਹੀਂ ਮਾਰੇਗੀ। ਤਨਖ਼ਾਹ ਦੇ ਨਗਦ ਭੁਗਤਾਨ ਨੂੰ ਖ਼ੁਦ ਮੁਲਾਜ਼ਮ ਹੀ ਤਰਜੀਹ ਦੇਣ ਤਾਂ ਕੰਪਨੀ ਕੁਝ ਨਹੀਂ ਕਰ ਸਕਦੀ। ਜਲਦ ਹੀ ਪਲਾਜ਼ਾ ਕਾਮਿਆਂ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ।