ਚੱਲਦੀ ਗੱਡੀ ਦਾ ਟਾਇਰ ਫਟਿਆ, ਚਾਰ ਹਲਾਕ
ਭੁੱਚੋ ਮੰਡੀ ਨਜ਼ਦੀਕ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਅੱਜ ਇਕ ਕਾਰ ਦਾ ਟਾਇਰ ਫਟਣ ਕਾਰਨ ਉਸ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਬਾਅਦ ਦੁਪਹਿਰ ਵਾਪਰਿਆ। ਜਾਣਕਾਰੀ ਅਨੁਸਾਰ ਇੱਕ ਸਵਿਫਟ ਕਾਰ ਬਠਿੰਡਾ ਤੋਂ ਰਾਮਪੁਰਾ ਵੱਲ ਜਾ ਰਹੀ ਸੀ। ਕਾਰ ਵਿੱਚ ਤਿੰਨ ਲੜਕੇ ਤੇ ਇਕ ਲੜਕੀ ਸਵਾਰ ਸਨ। ਇਸੇ ਦੌਰਾਨ ਗੱਡੀ ਦਾ ਟਾਇਰ ਫਟ ਗਿਆ ਤੇ ਗੱਡੀ ਪਲਟ ਗਈ ਅਤੇ ਸੜਕ ਦੇ ਦੂਜੇ ਪਾਸੇ ਜਾ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਚਕਨਾਚੂਰ ਹੋ ਗਈ। ਲੋਕਾਂ ਦੇ ਸਹਿਯੋਗ ਨਾਲ ਕਾਰ ਸਵਾਰਾਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਛਾਉਣੀ ਦੇ ਐਸਐੱਚਓ ਬਲਜੀਤ ਸਿੰਘ ਅਨੁਸਾਰ ਮ੍ਰਿਤਕਾਂ ਦੀ ਪਛਾਣ ਮਨਜਿੰਦਰ ਸਿੰਘ ਉਰਫ ਮਨੀ, ਜੋਬਨਪ੍ਰੀਤ ਸਿੰਘ ਅਤੇ ਹਰਮਨ ਸਿੰਘ ਤਿੰਨੋਂ ਵਾਸੀ ਮੰਡੀ ਕਲਾਂ (ਬਠਿੰਡਾ) ਅਤੇ ਰਮਨਪ੍ਰੀਤ ਕੌਰ ਵਾਸੀ ਮਹਿਤਾ ਵਜੋਂ ਹੋਈ ਹੈ। ਮ੍ਰਿਤਕਾਂ ਦੀ ਉਮਰ 19 ਤੋਂ 24 ਸਾਲ ਵਿਚਕਾਰ ਸੀ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।