ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ ਟਿਕੈਤ
ਸੁਖਦੇਵ ਸਿੰਘ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਅਤੇ ਬੀ ਕੇ ਯੂ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਜਨਾਲਾ ਖੇਤਰ ਦੇ ਕਿਸਾਨਾਂ-ਮਜ਼ਦੂਰਾਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ ਹਨ। ਉਹ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਜਨਾਲਾ ਨੇੜਲੇ ਅੱਡਾ ਮਹਿਲ ਬੁਖ਼ਾਰੀ ਵਿੱਚ ਲਗਾਏ ਰਾਹਤ ਕੈਂਪ ਵਿੱਚ ਪਹੁੰਚੇ। ਇੱਥੇ ਉਨ੍ਹਾਂ ਕਿਸਾਨਾਂ ਨੂੰ ਕਣਕ ਦਾ ਬੀਜ ਤੇ ਖਾਦ ਦੇ ਰੂਪ ਵਿੱਚ ਯੂ ਪੀ ਦੇ ਕਿਸਾਨਾਂ ਵੱਲੋਂ ਭੇਜੀ ਦੋ ਲੱਖ ਰੁਪਏ ਦੀ ਪਹਿਲੀ ਖੇਪ ਅਤੇ ਮਜ਼ਦੂਰਾਂ ਲਈ ਰਾਸ਼ਨ ਦਾ ਇੱਕ ਟਰੱਕ ਭੇਟ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ, ਡਾ. ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਸੁੱਚਾ ਸਿੰਘ ਅਜਨਾਲਾ, ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਇਹ ਰਾਹਤ ਪੰਜਾਬ ਦੀ ਦੂਜੇ ਸੂਬਿਆਂ ਲਈ ਭਾਈਚਾਰਕ ਸਾਂਝ ਦਾ ਸਬੂਤ ਹੈ। ਪੰਜਾਬ ਵਾਸਤੇ ਭੇਜੀ ਜਾ ਰਹੀ ਮਦਦ ਨੇ ਸਾਬਤ ਕੀਤਾ ਹੈ ਕਿ ਦੇਸ਼ ਦੇ ਲੋਕ ਪੰਜਾਬ ਨਾਲ ਪਿਆਰ ਕਰਦੇ ਹਨ ਤੇ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਨਾਲ ਖੜ੍ਹੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਰਾਹਤ ਸਮੱਗਰੀ ਦੀ ਪਹਿਲੀ ਖੇਪ ਹੈ। ਯੂ ਪੀ ਦੇ ਲੋਕ ਐੱਸ ਕੇ ਐੱਮ ਰਾਹੀਂ ਵੱਡੇ ਪੱਧਰ ’ਤੇ ਖਾਦ, ਬੀਜ ਤੇ ਡੀਜ਼ਲ ਲਈ ਸਹਾਇਤਾ ਕਰਨਗੇ। ਇਸ ਸਮੇਂ ਕਿਸਾਨ ਆਗੂਆਂ ਸਤਨਾਮ ਸਿੰਘ ਝੰਡੇਰ, ਕਲਵੰਤ ਸਿੰਘ ਮੱਲੂਨੰਗਲ, ਹਰਪਾਲ ਸਿੰਘ ਛੀਨਾ, ਸਵਿੰਦਰ ਸਿੰਘ ਮੀਰਾਂਕੋਟ, ਸੁਖਦੇਵ ਸਿੰਘ ਸਹਿੰਸਰਾ, ਵਿਜੈ ਸ਼ਾਹ ਧਾਰੀਵਾਲ, ਹਰਨੇਕ ਸਿੰਘ ਨੇਪਾਲ, ਭੁਪਿੰਦਰ ਸਿੰਘ ਛੀਨਾ ਆਦਿ ਹਾਜ਼ਰ ਸਨ।