ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਨਿੱਤਰੇ ਠੂਠਿਆਂਵਾਲੀ ਵਾਸੀ
ਜੋਗਿੰਦਰ ਸਿੰਘ ਮਾਨ
ਪੰਜਾਬ ਸਰਕਾਰ ਵੱਲੋਂ ਇੱਥੋਂ ਨੇੜਲੇ ਪਿੰਡ ਠੂਠਿਆਂਵਾਲੀ ਦੇ ਕਿਸਾਨਾਂ ਦੀ ਜੱਦੀ-ਪੁਸ਼ਤੀ 212 ਏਕੜ ਜ਼ਮੀਨ ਐਕੁਆਇਰ ਕਰਨ ਦੇ ਫੈਸਲੇ ਖਿਲਾਫ਼ ਪਿੰਡ ਵਾਸੀਆਂ ਨੇ ਅੱਜ ਇੱਕਜੁੱਟ ਹੋ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਵਜ਼ੀਰਾਂ ਸਣੇ ਹੋਰ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪਿੰਡ ਨਾ ਵੜਨ। ਸਰਬਸੰਮਤੀ ਨਾਲ ਲਏ ਇਸ ਫੈਸਲੇ ਮਗਰੋਂ ਪਿੰਡ ਦੀਆਂ ਗਲੀਆਂ ਅਤੇ ਪ੍ਰਮੁੱਖ ਥਾਵਾਂ ’ਤੇ ਫਲੈਕਸ ਬੋਰਡ ਲਗਾ ਕੇ ਸਰਕਾਰੀ ਧਿਰ ਨੂੰ ਵੰਗਾਰਿਆ ਗਿਆ ਹੈ। ਫਲੈਕਸ ਬੋਰਡਾਂ ਵਿੱਚ ਲਿਖਿਆ ਹੈ ਕਿ ਜ਼ਮੀਨਾਂ ਐਕੁਆਇਰ ਕਰਨ ਦੇ ਝੂਠੇ ਲਾਭ ਦੱਸਣ ਵਾਲੇ ਆਗੂ ਪਿੰਡ ਵਿੱਚ ਵੜਨ ਦੀ ਜੇ ਪੁਲੀਸ ਬਲ ਦੇ ਸਹਾਰੇ ਕੋਸ਼ਿਸ ਕਰਨਗੇ ਤਾਂ ਲੋਕਾਂ ਦੇ ਏਕੇ ਨਾਲ ਉਨ੍ਹਾਂ ਨੂੰ ਘੇਰ ਕੇ ਬਿਠਾਇਆ ਜਾਵੇਗਾ। ਪਿੰਡ ਠੂਠਿਆਂਵਾਲੀ ਦੀ ‘ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਦੇ ਮੈਂਬਰਾਂ ਨੇ ਕਿਹਾ ਕਿ ਪਿੰਡ ਵਾਸੀ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ, ਪਰ ਕਲੋਨੀਆਂ ਕੱਟਣ ਲਈ ਮਰਲਾ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ। ਪਿੰਡ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਅਤੇ ਸਮੁੱਚਾ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ 30 ਜੁਲਾਈ ਨੂੰ ਪਿੰਡਾਂ ਵਿੱਚ ਸਰਕਾਰ ਖ਼ਿਲਾਫ਼ ਟਰੈਕਟਰ ਮਾਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 24 ਅਗਸਤ ਨੂੰ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਵਿੱਚ ਸੂਬਾ ਪੱਧਰੀ ਰੈਲੀ ਹੋਵੇਗੀ। ਉਨ੍ਹਾਂ ਕਿਸਾਨਾਂ ਸਣੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਮੀਨਾਂ ਬਚਾਉਣ ਲਈ ਸ਼ੁਰੂ ਕੀਤੇ ਅੰਦੋਲਨ ਵਿੱਚ ਸ਼ਾਮਲ ਹੋਣ। ਇਸ ਮੌਕੇ ਜ਼ਮੀਨ ਬਚਾਓ ਕਮੇਟੀ ਦੇ 11 ਮੈਂਬਰਾਂ ਤੋਂ ਇਲਾਵਾ ਅਵਤਾਰ ਸਿੰਘ, ਮੇਜਰ ਸਿੰਘ, ਜਨਕ ਸਿੰਘ ਠੂਠਿਆਂਵਾਲੀ, ਭੋਲਾ ਸਿੰਘ ਮਾਖਾ, ਜਗਸੀਰ ਸਿੰਘ ਜਵਾਹਰਕੇ, ਮਹਿੰਦਰ ਸਿੰਘ, ਲਾਭ ਸਿੰਘ, ਪੱਪੀ ਸਿੰਘ ਅਤੇ ਭਾਕਿਯੂ (ਡਕੌਂਦਾ) ਦੇ ਮੱਖਣ ਸਿੰਘ ਭੈਣੀਬਾਘਾ ਨੇ ਵੀ ਸੰਬੋਧਨ ਕੀਤਾ।