ਸਿੱਧੂ ਮੂਸੇਵਾਲਾ ਦੇ ਜਨਮ ਦਿਨ ’ਤੇ ਤਿੰਨ ਗੀਤ ਰਿਲੀਜ਼
ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੂਨ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਅੱਜ ਪਰਿਵਾਰ ਵੱਲੋਂ ਪਿੰਡ ਮੂਸਾ ਸਥਿਤ ਹਵੇਲੀ ਵਿੱਚ ਮਨਾਇਆ ਗਿਆ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਵੱਡੀ ਗਿਣਤੀ ਵਿੱਚ ਸ਼ੁਭ-ਚਿੰਤਕਾਂ ਨੇ ਸ਼ਮੂਲੀਅਤ ਕੀਤੀ। ਪਰਿਵਾਰ ਵੱਲੋਂ ਹਵੇਲੀ ਨੂੰ ਲੰਬੇ ਸਮੇਂ ਬਾਅਦ ਸਜਾਇਆ ਗਿਆ ਅਤੇ ਹਵੇਲੀ ਵਿੱਚ ਸੁਖਮਨੀ ਸਾਹਿਬ ਪਾਠ ਦੇ ਭੋਗ ਪਾ ਕੇ ਬਾਕਾਇਦਾ ਜਨਮ ਦਿਨ ਦਾ ਕੇਕ ਕੱਟਿਆ ਗਿਆ।
ਉਧਰ, ਸਿੱਧੂ ਮੂਸੇਵਾਲਾ ਦੇ 32ਵੇਂ ਜਨਮ ਦਿਨ ਮੌਕੇ ਉਸ ਦੇ ਤਿੰਨ ਨਵੇਂ ਗੀਤ ਰਿਲੀਜ਼ ਕੀਤੇ ਗਏ। ਇਸ ਮੌਕੇ ਉਸ ਦੇ ਮਾਪਿਆਂ ਨੇ ਕਿਹਾ ਕਿ ਆਵਾਜ਼ ਨੂੰ ਕਦੇ ਵੀ ਦਫ਼ਨ ਨਹੀਂ ਕੀਤਾ ਜਾ ਸਕਦਾ ਅਤੇ ਉਸ ਦੀ ਆਵਾਜ਼ ਹਮੇਸ਼ਾ ਜਿਉਂਦੀ ਜਾਗਦੀ ਰਹੇਗੀ। ਇਸ ਮੌਕੇ ਉਸ ਦੇ ਨਵੇਂ ਤਿੰਨ ਗੀਤ ‘0008’, ‘ਟੇਕ ਨੋਟਿਸ’ ਅਤੇ ‘ਨੀਲ’ ਰਿਲੀਜ਼ ਕੀਤੇ ਗਏ। ਇਹ ਗੀਤ ਮੂਸੇ ਪ੍ਰਿੰਟ ਐਕਸਟੈਂਡਿਡ ਪਲੇਅ (ਈਪੀ) ਦਾ ਹਿੱਸਾ ਹਨ।
ਇਹ ਤਿੰਨ ਗਾਣੇ ਰਿਲੀਜ਼ ਹੋਣ ਮਗਰੋਂ ਮੂਸੇਵਾਲਾ ਦੀ ਮੌਤ ਬਾਅਦ ਅੱਜ ਤੱਕ 11 ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨਾਲ ਕਈ ਵਿਅਕਤੀ ਦੋਸਤਾਂ ਦੇ ਰੂਪ ਵਿੱਚ ਅਜਿਹੇ ਵੀ ਸਨ, ਜਿਨ੍ਹਾਂ ਨੂੰ ਉਸ ਨੇ ਆਪਣੀ ਗੱਡੀ ਵਿੱਚੋਂ ਉਤਾਰ ਦਿੱਤਾ ਸੀ। ਮੂਸੇਵਾਲਾ ਨੇ ਆਪਣੇ ਨਵੇਂ ਰਿਲੀਜ਼ ਗੀਤ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ। ਉਸ ਦੇ ਤਿੰਨ ਨਵੇਂ ਗੀਤਾਂ ਨੂੰ ਯੂ-ਟਿਊਬ ’ਤੇ ਕੁੱਝ ਘੰਟਿਆਂ ਵਿਚ ਹੀ 20-20 ਲੱਖ ਲੋਕਾਂ ਨੇ ਸੁਣਿਆ।
ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਮੂਸੇਵਾਲਾ ਦੇ ਕੇਸ ਨੂੰ ਸਰਕਾਰਾਂ ਹੀ ਦਬਾਉਣਾ ਚਾਹੁੰਦੀਆਂ ਹਨ। ਉਹ ਕੇਸ ਸਬੰਧੀ ਸਬੂਤ ਦੇ ਚੁੱਕੇ ਹਨ, ਪਰ ਇਸ ’ਚ ਕੁੱਝ ਨਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਦਾ ਕੋਈ ਸ਼ੌਕ ਨਹੀ, ਪਰ ਉਨ੍ਹਾਂ ਦੀ ਗੱਲ ਸੁਣੀ ਜਾਵੇ, ਇਸ ਲਈ ਰਾਜਨੀਤੀ ’ਚ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਸਿੱਧੂ ਮੂਸੇਵਾਲਾ ਵਾਂਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ,ਪਰ ਉਹ ਆਪਣੇ ਪੁੱਤਰ ਵਾਂਗ ਤਕੜੇ ਹੋ ਕੇ ਇਨਸਾਫ਼ ਦੀ ਲੜਾਈ ਲੜ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ, 1993 ਨੂੰ ਪਿੰਡ ਮੂਸਾ ਵਿੱਚ ਹੋਇਆ ਅਤੇ 29 ਮਈ, 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।
ਮੂਸੇਵਾਲਾ ਦੇ ਵੱਡੀ ਗਿਣਤੀ ਸ਼ੁਭਚਿੰਤਕਾਂ ਵੱਲੋਂ ਖੂਨਦਾਨ
ਅੱਜ ਜਨਮ ਦਿਨ ਮੌਕੇ ਪਰਿਵਾਰ ਵੱਲੋਂ ਖੂਨਦਾਨ, ਅੱਖਾਂ ਚੈਕਅੱਪ ਕੈਂਪ ਵੀ ਲਾਇਆ ਗਿਆ,ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਵੱਡੀ ਪੱਧਰ ’ਤੇ ਸ਼ੁਭ-ਚਿੰਤਕਾਂ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਮੈਡੀਕਲ ਟੀਮ ਵੱਲੋਂ ਹੋਰ ਖੂਨ ਨਾ ਲੈ ਸਕਣ ਤੋਂ ਬਾਅਦ ਵੀ ਬਹੁਤ ਸਾਰੇ ਨੌਜਵਾਨ ਖੂਨਦਾਨ ਕਰਨ ਲਈ ਜਿੱਦ ਕਰ ਰਹੇ ਸਨ। ਇਸੇ ਦੌਰਾਨ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਨੌਜਵਾਨਾਂ ਵੱਲੋਂ ਤੇਜ਼ ਗਰਮੀ ਨੂੰ ਵੇਖਦਿਆਂ ਹੋਇਆ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ।