ਪੰਜਾਬ ਦੇ ਤਿੰਨ ਮੰਤਰੀਆਂ ਨੇ ਹੜ੍ਹਾਂ ਦਾ ਜਾਇਜ਼ਾ ਲੈਂਦਿਆਂ ਸਵੀਡਨ ਤੇ ਗੋਆ ਕਰੂਜ਼ ਯਾਤਰਾ ਨੂੰ ਯਾਦ ਕੀਤਾ
Three Punjab ministers 'discussing cruise trips' while inspecting floods draw opposition ire ਪੰਜਾਬ ਵਿਚ ਹੜ੍ਹ ਪੀੜਤਾਂ ਦੇ ਦੁੱਖ ਦਰਦ ਦੀ ਥਾਂ ਆਪਣੀਆਂ ਵਿਦੇਸ਼ ਫੇਰੀ ਦੀਆਂ ਯਾਦਾਂ ਸਾਂਝੀਆਂ ਕਰਨ ਵਾਲੇ ਪੰਜਾਬ ਦੇ ਤਿੰਨ ਮੰਤਰੀਆਂ ਖ਼ਿਲਾਫ਼ ਆਮ ਲੋਕਾਂ ਤੇ ਵਿਰੋਧੀ ਪਾਰਟੀਆਂ ਨੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਲੋਕਾਂ ਦੀ ਸਾਰ ਲੈਣ ਦੀ ਥਾਂ ਆਪਣੇ ਹਿੱਤ ਪੂਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਗਾਇਆ ਕਿ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਤਿੰਨ ਕੈਬਨਿਟ ਮੰਤਰੀਆਂ ਨੂੰ ਤਰਨ ਤਾਰਨ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਸਮੇਂ ਆਪਣੀਆਂ ਕਰੂਜ਼ ਯਾਤਰਾਵਾਂ ’ਤੇ ਚਰਚਾ ਕਰਦੇ ਹੋਏ ਦਿਖਾਇਆ ਗਿਆ ਹੈ।
ਭਾਜਪਾ ਆਗੂ ਤਰੁਣ ਚੁੱਘ ਅਤੇ ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਐਕਸ ’ਤੇ ਸਾਂਝੀ ਕੀਤੀ ਗਈ ਕਲਿੱਪ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ, ਬਰਿੰਦਰ ਕੁਮਾਰ ਗੋਇਲ ਅਤੇ ਲਾਲਜੀਤ ਸਿੰਘ ਭੁੱਲਰ ਨੂੰ ਲਾਈਫ ਜੈਕਟਾਂ ਪਾ ਕੇ ਕਿਸ਼ਤੀ ਵਿੱਚ ਬੈਠੇ ਸਵੀਡਨ ਅਤੇ ਗੋਆ ਵਿੱਚ ਕਰੂਜ਼ ਯਾਤਰਾਵਾਂ ਬਾਰੇ ਚਰਚਾ ਕਰਦੇ ਦਿਖਾਇਆ ਗਿਆ ਹੈ।
ਇਸ ਵੀਡੀਓ ਵਿੱਚ ਹਰਭਜਨ ਸਿੰਘ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਜਦੋਂ ਮੈਂ ਸਵੀਡਨ ਵਿੱਚ ਕਰੂਜ਼ ’ਤੇ ਗਿਆ ਸੀ ਤਾਂ ਜਹਾਜ਼ ਵਿੱਚ ਹੋਟਲ ਅਤੇ ਸਭ ਕੁਝ ਮੌਜੂਦ ਸੀ।’ ਇਸ ਦੇ ਜਵਾਬ ਵਿੱਚ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਕਹਿੰਦੇ ਹਨ ਕਿ ਗੋਆ ਵਿੱਚ ਵੀ ਇਸੀ ਤਰ੍ਹਾਂ ਦਾ ਸੀ।
ਇਹ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ।
‘ਆਪ’ ਮੰਤਰੀਆਂ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਚੁੱਘ ਨੇ ਕਿਹਾ, ‘ਪੰਜਾਬ ਡੁੱਬ ਰਿਹਾ ਹੈ, ਖੇਤ ਤਬਾਹ ਹੋ ਗਏ ਹਨ, ਘਰ ਨੁਕਸਾਨੇ ਗਏ ਹਨ ਅਤੇ ਪਰਿਵਾਰ ਸੜਕਾਂ ’ਤੇ ਹਨ ਪਰ ਇਨ੍ਹਾਂ ਹਾਲਾਤ ਵਿੱਚ ਪੰਜਾਬ ਦੇ ਮੰਤਰੀ ਹੜ੍ਹ ਪੀੜਤਾਂ ਦਾ ਦਰਦ ਸਾਂਝਾ ਕਰਨ ਦੀ ਬਜਾਏ ਕਿਸ਼ਤੀ ਵਿੱਚ ਬੈਠ ਕੇ ਸਵੀਡਨ ਤੇ ਗੋਆ ਵਿਚਲੇ ਕਰੂਜ਼ ਦੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ। ਇਸ ਵੇਲੇ ਲੋਕ ਪੁੱਛ ਰਹੇ ਹਨ ਕਿ ਕੀ ਪੰਜਾਬ ਨੇ ਤੁਹਾਨੂੰ ਇਸ ਲਈ ਸ਼ਕਤੀਆਂ ਦਿੱਤੀਆਂ ਹਨ ਕਿ ਤੁਸੀਂ ਸੰਕਟ ਦੇ ਸਮੇਂ ਐਸ਼ੋ-ਆਰਾਮ ਦੀਆਂ ਕਹਾਣੀਆਂ ਸੁਣਾ ਸਕੋ? ਜਾਂ ਇਸ ਲਈ ਕਿ ਤੁਸੀਂ ਸਾਡੀਆਂ ਮੁਸੀਬਤਾਂ ਨੂੰ ਘਟਾ ਸਕੋ?
ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ X ’ਤੇ ਪੋਸਟ ਪਾ ਕੇ ਤਿੰਨ ਮੰਤਰੀਆਂ ਖਿਲਾਫ਼ ਲੋਕਾਂ ਦੀਆਂ ਉਮੀਦਾਂ ਦੀ ਥਾਂ ਆਪਣੇ ਐਸ਼ੋ ਆਰਾਮ ਵੱਲ ਧਿਆਨ ਦੇਣ ਦੇ ਦੋਸ਼ ਲਾਏ।
ਉਨ੍ਹਾਂ ਕਿਹਾ, ‘ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰ ਪੀਣ ਵਾਲਾ ਪਾਣੀ ਮੰਗ ਰਹੇ ਹਨ ਪਰ ‘ਆਪ’ ਪੰਜਾਬ ਦੇ ਮੰਤਰੀ ਬਰਿੰਦਰ ਗੋਇਲ, ਲਾਲਜੀਤ ਭੁੱਲਰ ਅਤੇ ਹਰਭਜਨ ਸਿੰਘ ਸਵੀਡਨ ਅਤੇ ਗੋਆ ਵਿੱਚ ਲਗਜ਼ਰੀ ਕਰੂਜ਼ ਦੀਆਂ ਯਾਦਾ ਤਾਜ਼ਾ ਕਰ ਰਹੇ ਹਨ। ਪੀਟੀਆਈ