ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਿੰਨ ਹੋਰ ਪੰਚਾਇਤਾਂ ਨੇ ਪਰਵਾਸੀਆਂ ਖ਼ਿਲਾਫ਼ ਮਤੇ ਪਕਾਏ

ਪਿੰਡਾਂ ’ਚ ਜ਼ਮੀਨ ਦੇਣ ਤੋਂ ਮਨਾਹੀ, ਬੱਚੇ ਦੀ ਹੱਤਿਆ ’ਚ ਪਰਵਾਸੀ ਮਜ਼ਦੂਰ ਦੀ ਸ਼ਮੂਲੀਅਤ ਮਗਰੋਂ ਹੋਣ ਲੱਗਿਆ ਵਿਰੋਧ
ਪਿੰਡ ਅੱਜੋਵਾਲ ਦੀ ਪੰਚਾਇਤ ਪਰਵਾਸੀਆਂ ਖਿਲਾਫ਼ ਮਤੇ ਬਾਰੇ ਜਾਣਕਾਰੀ ਦਿੰਦੀ ਹੋਈ।
Advertisement
ਇੱਥੋਂ ਦੇ ਮੁਹੱਲਾ ਦੀਪ ਨਗਰ ’ਚ ਬੱਚੇ ਹਰਵੀਰ ਸਿੰਘ ਦੀ ਹੱਤਿਆ ਮਾਮਲੇ ’ਚ ਪਰਵਾਸੀ ਮਜ਼ਦੂਰ ਦੀ ਸ਼ਮੂਲੀਅਤ ਸਾਹਮਣੇ ਆਉਣ ਮਗਰੋਂ ਸ਼ਾਂਤੀ ਨਗਰ ਅਤੇ ਬਜਵਾੜਾ ਦੀਆਂ ਪੰਚਾਇਤਾਂ ਵੱਲੋਂ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਪਾਏ ਮਤਿਆਂ ਤੋਂ ਬਾਅਦ ਪਿੰਡ ਅੱਜੋਵਾਲ, ਰਸੂਲਪੁਰ ਅਤੇ ਚਡਿਆਲ ਦੀਆਂ ਪੰਚਾਇਤਾਂ ਨੇ ਵੀ ਮਤੇ ਪਾਸ ਕੀਤੇ ਹਨ। ਅਗਲੇ ਦਿਨਾਂ ’ਚ ਅਜਿਹੇ ਮਤੇ ਹੋਰ ਪਿੰਡਾਂ ’ਚ ਵੀ ਪੈਣ ਦੀ ਸੰਭਾਵਨਾ ਹੈ।

ਪਿੰਡ ਅੱਜੋਵਾਲ ਦੀ ਸਰਪੰਚ ਆਰਤੀ ਸ਼ਰਮਾ ਤੇ ਉਸ ਦੇ ਪਤੀ ਸੰਦੀਪ ਬੱਬੂ ਨੇ ਕਿਹਾ ਕਿ ਪਰਵਾਸੀ ਮਜ਼ਦੂਰ ਵੱਲੋਂ ਕੀਤੀ ਬੱਚੇ ਦੀ ਹੱਤਿਆ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਪਿੰਡ ਵਿੱਚ ਕਿਸੇ ਵੀ ਪਰਵਾਸੀ ਮਜ਼ਦੂਰ ਨੂੰ ਰਿਹਾਇਸ਼ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਪਰਵਾਸੀ ਪਿੰਡ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਪਿਛੋਕੜ ਦੇ ਪੱਕੇ ਰਿਹਾਇਸ਼ੀ ਸਬੂਤ ਅਤੇ ਪੁਲੀਸ ਵੈਰੀਫਿਕੇਸ਼ਨ ਕਰਵਾਉਣੀ ਪਵੇਗੀ।

Advertisement

ਇਸੇ ਤਰ੍ਹਾਂ ਪਿੰਡ ਰਸੂਲਪੁਰ ਦੇ ਸਰਪੰਚ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਪਰਵਾਸੀਆਂ ਵਿਰੁੱਧ ਮਤਾ ਪਾਸ ਕੀਤਾ ਗਿਆ ਹੈ। ਮਤੇ ਅਨੁਸਾਰ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਕਿਸੇ ਵੀ ਪਰਵਾਸੀ ਨੂੰ ਨਹੀਂ ਵੇਚੇਗਾ। ਪਿੰਡ ਵਿੱਚ ਰਹਿਣ ਵਾਲੇ ਪਰਵਾਸੀ ਦੇ ਪਿਛੋਕੜ ਦੀ ਤਸਦੀਕ ਕਰਨ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਪਰਵਾਸੀਆਂ ਦੀ ਕਈ ਅਪਰਾਧਿਕ ਮਾਮਲਿਆਂ ’ਚ ਸ਼ਮੂਲੀਅਤ ਹੋਣ ਮਗਰੋਂ ਇਨ੍ਹਾਂ ਖਿਲਾਫ਼ ਸਖ਼ਤ ਫੈਸਲੇ ਲੈਣਾ ਜ਼ਰੂਰੀ ਹੋ ਗਿਆ ਹੈ।

ਇਸੇ ਤਰ੍ਹਾਂ ਪਿੰਡ ਚਡਿਆਲ ਦੇ ਸਰਪੰਚ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਪਿੰਡ ਵਿੱਚ ਕਿਸੇ ਵੀ ਪਰਵਾਸੀ ਨੂੰ ਕੋਈ ਜ਼ਮੀਨ, ਪਲਾਟ ਜਾਂ ਘਰ ਨਹੀਂ ਵੇਚਿਆ ਜਾਵੇਗਾ, ਨਾ ਹੀ ਪਿੰਡ ਵਿੱਚ ਕਿਸੇ ਪਰਵਾਸੀ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਬਣਾਇਆ ਜਾਵੇਗਾ। ਇਸ ਦੀ ਉਲੰਘਣਾ ਕਰਨ ਵਾਲੇ ਪਿੰਡ ਦੇ ਵਸਨੀਕ ਖਿਲਾਫ਼ ਪੰਚਾਇਤ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮਤਾ ਕਿਸੇ ਜਾਤ ਜਾਂ ਹੋਰ ਤਰ੍ਹਾਂ ਦੇ ਵਿਤਕਰੇ ਲਈ ਪਾਸ ਨਹੀਂ ਕੀਤਾ ਗਿਆ। ਇਹ ਪਿੰਡ ਦੀ ਭਲਾਈ ਅਤੇ ਪਿੰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਸ ਕੀਤਾ ਗਿਆ ਹੈ।

 

Advertisement
Show comments