ਨਾਭਾ-ਪਟਿਆਲਾ ਸੜਕ ’ਤੇ ਕਾਰਾਂ ਦੀ ਟੱਕਰ ਵਿੱਚ ਤਿੰਨ ਹਲਾਕ
ਨਾਭਾ-ਪਟਿਆਲਾ ਸੜਕ ’ਤੇ ਪਿੰਡ ਘਮਰੌਦਾ ਨੇੜੇ ਦੇਰ ਰਾਤ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਵੀਨ ਮਿੱਤਲ ਗੋਗੀ, ਉਸ ਦੀ ਪਤਨੀ ਨੇਹਾ ਮਿੱਤਲ ਵਾਸੀ ਨਾਭਾ ਅਤੇ ਪਟਿਆਲਾ ਵਾਸੀ ਅਮਨਜੋਤ ਸਿੰਘ ਵਜੋਂ ਹੋਈ ਹੈ। ਪ੍ਰਵੀਨ ਮਿੱਤਲ ਆਪਣੀ ਪਤਨੀ ਨਾਲ ਪਟਿਆਲਾ ਤੋਂ ਵਾਪਸ ਨਾਭਾ ਆ ਰਿਹਾ ਸੀ ਅਤੇ ਅਮਨਜੋਤ ਸਿੰਘ ਆਪਣੀ ਕਾਰ ਵਿੱਚ ਨਾਭਾ ਤੋਂ ਪਟਿਆਲਾ ਵੱਲ ਜਾ ਰਿਹਾ ਸੀ। ਪੁਲੀਸ ਮੁਤਾਬਕ ਅਮਨਜੋਤ ਦੀ ਕਾਰ ਕਾਫ਼ੀ ਤੇਜ਼ ਰਫ਼ਤਾਰ ’ਤੇ ਸੀ। ਉਹ ਕਿਸੇ ਕਾਰਨ ਸੜਕ ਦੇ ਸੱਜੇ ਪਾਸੇ ਚਲੀ ਗਈ, ਜਿਸ ਕਾਰਨ ਦੋਵੇਂ ਕਾਰਾਂ ਦੀ ਟੱਕਰ ਹੋ ਗਈ। ਇਸ ਦੌਰਾਨ ਨੇਹਾ ਮਿੱਤਲ ਤੇ ਅਮਨਜੋਤ ਸਿੰਘ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ, ਜਦੋਂਕਿ ਪ੍ਰਵੀਨ ਮਿੱਤਲ ਦੀ ਮੌਤ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ।
ਸਥਾਨਕ ਲੋਕਾਂ ਨੇ ਦੱਸਿਆ ਕਿ ਘਮਰੌਦਾ ਨੇੜੇ ਅਕਸਰ ਹਾਦਸੇ ਹੁੰਦੇ ਹਨ। ਪ੍ਰਸ਼ਾਸਨ ਨੂੰ ਇੱਥੇ ਹਾਦਸੇ ਰੋਕਣ ਵੱਲ ਧਿਆਨ ਦੇਣਾ ਚਾਹੀਦਾ ਹੈ। ਨਾਭਾ ਵਿੱਚ ਧਾਰਮਿਕ ਸਮਾਗਮਾਂ ਵਿੱਚ ਮੋਢੀ ਰਹਿਣ ਵਾਲੇ ਪ੍ਰਵੀਨ ਮਿੱਤਲ ਤੇ ਉਨ੍ਹਾਂ ਦੀ ਪਤਨੀ ਦੀ ਮੌਤ ’ਤੇ ਵਿਧਾਇਕ ਦੇਵ ਮਾਨ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਹੋਰ ਵੱਖ-ਵੱਖ ਸਿਆਸੀ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ।
