ਸੜਕ ਹਾਦਸੇ ਵਿੱਚ ਪਤੀ-ਪਤਨੀ ਸਣੇ ਤਿੰਨ ਹਲਾਕ
ਇਥੇ ਮੁੱਖ ਮਾਰਗ ’ਤੇ ਸ਼ਮਸਦੀਨ ਚਿਸ਼ਤੀ ਬੱਸ ਸਟੈਂਡ ਕੋਲ ਹਾਦਸੇ ਵਿੱਚ 3 ਜਣਿਆਂ ਦੀ ਮੌਤ ਗਈ। ਥਾਣਾ ਅਮੀਰ ਖਾਸ ਦੀ ਪੁਲੀਸ ਨੇ ਇਸ ਸਬੰਧੀ ਟਰੱਕ ਚਾਲਕ ਖ਼ਿਲਾਫ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਮੁਦੱਈ ਸੁਰਿੰਦਰ ਸਿੰਘ ਪੁੱਤਰ ਹੰਸ ਰਾਜ ਵਾਸੀ ਲੱਖੇ ਵਾਲੀ ਰੋਡ ਜਲਾਲਾਬਾਦ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਪਰਿਵਾਰ ਸਮੇਤ ਲੱਖੋਕੇ ਬਹਿਰਾਮ ਤੋਂ ਵਿਆਹ ਸਮਾਗਮ ’ਚ ਸ਼ਾਮਲ ਹੋਣ ਉਪਰੰਤ ਆਪਣੇ ਘਰ ਪਰਤ ਆ ਰਹੇ ਸੀ। ਉਹ ਮੋਟਰਸਾਈਕਲ ’ਤੇ ਸੀ, ਜਦੋਂ ਕਿ ਉਸ ਦਾ ਭਰਾ ਬਲਵਿੰਦਰ ਸਿੰਘ, ਉਸ (ਭਰਾ) ਦੀ ਪਤਨੀ ਮਨਜੀਤ ਕੌਰ, ਉਸ ਦੀ ਮਾਤਾ ਅਵੀਨਾਸ਼ ਕੌਰ ਤੇ 2 ਬੱਚੇ ਦੇ ਕਾਰ ’ਚ ਸਵਾਰ ਸਨ।
ਉਸ ਦੇ ਭਰਾ ਦੀ ਕਾਰ ਜਦੋਂ ਸ਼ਮਸਦੀਨ ਚਿਸ਼ਤੀ ਬੱਸ ਅੱਡੇ ਕੋਲ ਪੁੱਜੀ ਤਾਂ ਮੁੱਖ ਮਾਰਗ ’ਤੇ ਜਲਾਲਾਬਾਦ ਵਾਲੇ ਪਾਸੇ ਤੋਂ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਨਤੀਜੇ ਵਜੋਂ ਕਾਰ ’ਚ ਸਵਾਰ ਉਸ ਦੇ ਪਰਿਵਾਰਕ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੇ ਭਰਾ ਬਲਵਿੰਦਰ ਸਿੰਘ, ਭਰਜਾਈ ਮਨਜੀਤ ਕੌਰ ਅਤੇ ਮਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਦੋਵਾਂ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਏਮਜ਼ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਟਰੱਕ ਚਾਲਕ ਦਿਲਬਾਗ ਸਿੰਘ ਵਾਸੀ ਅੰਮ੍ਰਿਤਸਰ ਵਿਰੁੱਧ ਕੇਸ ਦਰਜ ਕੀਤਾ ਹੈ।
