ਸਕੂਲੀ ਬੱਸ ’ਤੇ ਹਮਲੇ ’ਚ ਤਿੰਨ ਬੱਚੇ ਜ਼ਖ਼ਮੀ
ਡੀ ਏ ਵੀ ਪਬਲਿਕ ਸਕੂਲ ਬਾਦਸ਼ਾਹਪੁਰ ਦੀ ਬੱਸ ਦੇ ਡਰਾਈਵਰ ਨਾਲ ਸਾਈਡ ਨੂੰ ਲੈ ਕੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੁਲਜ਼ਮ ਨੇ ਡਰਾਈਵਰ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਤਿੰਨ ਬੱਚੇ ਜ਼ਖ਼ਮੀ ਹੋ ਗਏ। ਇਸ ਦੌਰਾਨ ਬੱਸ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਹਮਲੇ ’ਚ ਬੱਸ ਦੇ ਸ਼ੀਸ਼ੇ ਵੀ ਟੁੱਟ ਗਏ| ਸਕੂਲ ਪ੍ਰਿੰਸੀਪਲ ਪੂਨਮ ਸਿੰਘ ਨੇ ਆਖਿਆ ਕਿ ਮੈਨੇਜਮੈਂਟ ਵੱਲੋਂ ਪੜਤਾਲ ਕੀਤੀ ਗਈ ਹੈ, ਜਿਸ ਵਿੱਚ ਸਕੂਲ ਬੱਸ ਡਰਾਈਵਰ ਦਾ ਸਾਈਡ ਦੇਣ ਜਾਂ ਲੈਣ ਦੇ ਮਾਮਲੇ ’ਚ ਕੋਈ ਕਸੂਰ ਨਹੀਂ ਸੀ। ਝਗੜਾ ਕਰਨ ਵਾਲੇ ਮੋਟਰਸਾਈਕਲ ਸਵਾਰ ਨੇ ਜਾਣ-ਬੁੱਝ ਕੇ ਮਾਹੌਲ ਖ਼ਰਾਬ ਕੀਤਾ| ਸਕੂਲ ਮੁਤਾਬਕ ਡਰਾਈਵਰ ਨੇ ਮੌਕਾ ਸੰਭਾਲਦਿਆਂ ਭਾਵੇਂ ਬੱਸ ਨੂੰ ਸਿਉਣਾ ਕਾਠ ’ਚੋਂ ਜਲਦੀ ਵਾਪਸ ਸਕੂਲ ਲਿਆਂਦਾ ਪ੍ਰੰਤੂ ਮੁਲਜ਼ਮ ਬੱਸ ਦਾ ਪਿੱਛਾ ਕਰਦਾ ਸਕੂਲ ਤੱਕ ਪੁੱਜ ਗਿਆ| ਬੱਸ ’ਚ ਸਵਾਰ ਛੋਟੀਆਂ ਕਲਾਸਾਂ ਦੇ ਵਿਦਿਆਰਥੀ ਸ਼ੀਸ਼ੇ ਟੁੱਟਣ ਕਾਰਨ ਜ਼ਖ਼ਮੀ ਹੋਏ ਹਨ। ਬੱਚਿਆਂ ਦੀ ਅੱਖ, ਠੋਡੀ ਤੇ ਸਿਰ ’ਚ ਸੱਟਾਂ ਲੱਗੀਆਂ ਹਨ| ਪੁਲੀਸ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਪ੍ਰੇਮ ਸਿੰਘ ਮੁਤਾਬਕ ਬੱਸ ਡਰਾਈਵਰ ਤੇ ਬੱਸ ’ਤੇ ਹਮਲੇ ਕਰਨ ਵਾਲੇ ਪਿੰਡ ਕਾਠ ਦੇ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।