ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਮੱਝਾਂ ਮਰੀਆਂ
ਇਸ ਇਲਾਕੇ ਵਿੱਚ ਭਰਵੇਂ ਮੀਂਹ ਕਾਰਨ ਕਈ ਥਾਵਾਂ ’ਤੇ ਘੱਗਰ ਅਤੇ ਟਾਂਗਰੀ ਨਦੀਆਂ ਦਾ ਪਾਣੀ ਫ਼ਸਲਾਂ ਵਿੱਚ ਭਰ ਗਿਆ ਹੈ। ਇਸ ਕਾਰਨ ਕਈ ਥਾਈਂ ਜਾਨੀ ਨੁਕਸਾਨ ਵੀ ਹੋਇਆ ਹੈ। ਥਾਣਾ ਜੁਲਕਾਂ ਅਧੀਨ ਪੈਂਦੇ ਪਿੰਡ ਅਹਿਰੂ ਕਲਾਂ ਵਿੱਚ ਵਰ੍ਹਦੇ ਮੀਂਹ ਦੌਰਾਨ ਮੱਝਾਂ ਵਾਲੇ ਵਰਾਂਡੇ ’ਤੇ ਅਸਮਾਨੀ ਬਿਜਲੀ ਡਿੱਗ ਗਈ। ਇਸ ਕਾਰਨ ਬਲਦੇਵ ਕੁਮਾਰ ਦੀਆਂ ਤਿੰਨ ਮੱਝਾਂ ਮਰ ਗਈਆਂ ਹਨ ਅਤੇ ਇੱਕ ਮੱਝ ਬੇਸੁਰਤ ਪਈ ਹੈ।
ਝੀਂਡਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਦਾ ਐਲਾਨ
ਲੁਧਿਆਣਾ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਪੰਜਾਬ ਵਿੱਚ ਹੜ੍ਹਾਂ ਕਾਰਨ ਦਿਨੋਂ ਦਿਨ ਖਰਾਬ ਹੁੰਦੀ ਸਥਿਤੀ ਨੂੰ ਵੇਖਦਿਆਂ ਪੰਜ ਸਤੰਬਰ ਦਾ ਸਮਾਗਮ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਸਮਾਗਮ ਉਨ੍ਹਾਂ ਦੇ ਜਨਮ ਦਿਨ ਮੌਕੇ ਕਰਨਾਲ ਵਿੱਚ ਰੱਖਿਆ ਗਿਆ ਸੀ। ਅੱਜ ਇੱਥੇ ਉਨ੍ਹਾਂ ਕਿਹਾ ਕਿ ਉਹ ਹਰਿਆਣਾ ਕਮੇਟੀ ਦੇ ਹੋਰ ਮੈਂਬਰਾਂ ਸਣੇ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦਾ ਹਾਲ ਜਾਣਨਗੇ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੰਜਾਬੀ ਭਰਾਵਾਂ ਲਈ ਹਰ ਸਮੇਂ ਹਾਜ਼ਰ ਹੈ ਅਤੇ ਤਨ, ਮਨ ਅਤੇ ਧਨ ਨਾਲ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਕੌਮ ਦੀ ਸੇਵਾ ਲਈ ਹਮੇਸ਼ਾ ਹੀ ਸਮਰਪਿਤ ਹਨ ਅਤੇ ਭਵਿੱਖ ਵਿੱਚ ਵੀ ਰਹਿਣਗੇ। -ਨਿੱਜੀ ਪੱਤਰ ਪ੍ਰੇਰਕ
ਪੰਜਾਬ ਵਿੱਚ ਕਈ ਥਾਵਾਂ ’ਤੇ ਪਿਆ ਮੀਂਹ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਵੀਰਵਾਰ ਨੂੰ ਪੰਜਾਬ ਵਿੱਚ ਮੀਂਹ ਨਾ ਪੈਣ ਦਾ ਇਸ਼ਾਰਾ ਕੀਤਾ ਗਿਆ ਹੈ, ਪਰ ਹੁਣ ਤੱਕ ਸੂਬੇ ਦੇ ਮੌਸਮ ਵਿੱਚ ਵਾਰ-ਵਾਰ ਵੇਖਣ ਨੂੰ ਮਿਲ ਰਹੀ ਤਬਦੀਲੀ ਕਰਕੇ ਮੌਸਮ ਵਿਭਾਗ ਦਾ ਗਣਿਤ ਵੀ ਫੇਲ੍ਹ ਸਾਬਤ ਹੋ ਰਿਹਾ ਹੈ। ਦੂਜੇ ਪਾਸੇ ਪਹਾੜੀ ਇਲਾਕੇ ਵਿੱਚ ਪੈ ਰਹੇ ਮੀਂਹ ਕਰਕੇ ਪਾਣੀ ਪੰਜਾਬ ਦੇ ਤਿੰਨਾਂ ਡੈਮਾਂ ਵਿੱਚ ਪਹੁੰਚ ਰਿਹਾ ਹੈ। ਅੱਜ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਮੁਹਾਲੀ, ਪਠਾਨਕੋਟ, ਹੁਸ਼ਿਆਰਪੁਰ ਅਤੇ ਹੋਰ ਆਲੇ-ਦੁਆਲੇ ਦੇ ਇਲਾਕੇ ਵਿੱਚ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 8.30 ਵਜੇ ਤੋਂ ਬਾਅਦ ਚੰਡੀਗੜ੍ਹ ਵਿੱਚ 20.4 ਐੱਮਐੱਮ, ਅੰਮ੍ਰਿਤਸਰ ਵਿੱਚ 6.4, ਪਟਿਆਲਾ ਵਿੱਚ 1.4, ਮੁਹਾਲੀ ਵਿੱਚ 18 ਐੱਮਐੱਮ ਮੀਂਹ ਪਿਆ। -ਟਨਸ
ਵਿਧਾਇਕ ਰਮਨ ਅਰੋੜਾ ਤੇ ਏਟੀਪੀ ਸੁਖਦੇਵ ਨੂੰ ਮਿਲੀ ਜ਼ਮਾਨਤ
ਜਲੰਧਰ: ਆਪ ਦੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਅਰੋੜਾ ਜ਼ਮਾਨਤ ਮਿਲਣ ’ਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੇ ਨਾਲ, ਏਟੀਪੀ ਸੁਖਦੇਵ ਵਸ਼ਿਸ਼ਟ ਨੂੰ ਵੀ ਜ਼ਮਾਨਤ ਮਿਲ ਗਈ ਹੈ। ਵਿਜੀਲੈਂਸ ਬਿਊਰੋ ਨੇ ਮਈ ਵਿੱਚ ਵਿਧਾਇਕ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਨਗਰ ਨਿਗਮ ਦੇ ਸਹਾਇਕ ਟਾਊਨ ਪਲਾਨਰ ਸੁਖਦੇਵ ਵਸ਼ਿਸ਼ਟ ਅਤੇ ਕੁਝ ਹੋਰ ਅਧਿਕਾਰੀਆਂ ਨਾਲ ਮਿਲ ਕੇ ਗ਼ੈਰਕਾਨੂੰਨੀ ਉਸਾਰੀ ਲਈ ਝੂਠੇ ਨੋਟਿਸ ਜਾਰੀ ਕਰਨ ਅਤੇ ਫਿਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਬਦਲੇ ਭਾਰੀ ਰਿਸ਼ਵਤ ਲੈਣ ਦਾ ਦੋਸ਼ ਸੀ। -ਪੱਤਰ ਪ੍ਰੇਰਕ