ਬੇਅਦਬੀ ਮਾਮਲੇ ’ਚ ਪਰਵਾਸੀ ਸਣੇ ਤਿੰਨ ਭਰਾ ਕਾਬੂ
ਜਗਤਾਰ ਸਿੰਘ ਲਾਂਬਾ
ਇੱਥੋਂ ਦੇ ਲੋਪੋਕੇ ਥਾਣੇ ਦੀ ਪੁਲੀਸ ਨੇ ਪਿੰਡ ਸ਼ਹੂਰਾ ਵਿੱਚ ਕਥਿਤ ਤੌਰ ’ਤੇ ਬੇਅਦਬੀ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਵਿੱਚ ਇੱਕ ਪਰਵਾਸੀ ਮਜ਼ਦੂਰ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਤੇ ਸੁਖਜੀਤ ਸਿੰਘ (ਤਿੰਨੋ ਭਰਾ) ਵਾਸੀ ਪਿੰਡ ਸ਼ਹੂਰਾ ਅਤੇ ਇਨ੍ਹਾਂ ਦੇ ਘਰ ਵਿੱਚ ਘਰੇਲੂ ਨੌਕਰ ਵਜੋਂ ਕੰਮ ਕਰਦਾ ਪਰਵਾਸੀ ਮਜ਼ਦੂਰ ਰਾਜੂ ਵਜੋਂ ਹੋਈ ਹੈ।
ਡੀ ਐੱਸ ਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਮਾਂ, ਜਿਸ ਦਾ ਕੁਝ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ, ਦੀ ਯਾਦ ਵਿੱਚ ਘਰ ਵਿੱਚ ਅਖੰਡ ਪਾਠ ਕਰਵਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਧਾਰਮਿਕ ਸਮਾਗਮ ਦੌਰਾਨ ਸ਼ਨਿਚਰਵਾਰ ਰਾਤ ਨੂੰ ਰਾਜੂ ਨੇ ਕਥਿਤ ਤੌਰ ’ਤੇ ਪਾਠ ਵਾਲੇ ਕਮਰੇ ਵਿੱਚ ਦੋ ਚੱਪਲਾਂ ਸੁੱਟੀਆਂ। ਜਿਨ੍ਹਾਂ ਵਿੱਚੋਂ ਇੱਕ ਚੱਪਲ ਪਾਠ ਕਰ ਰਹੇ ਗ੍ਰੰਥੀ ਨੂੰ ਲੱਗੀ, ਜਦੋਂ ਕਿ ਦੂਜੀ ਪਵਿੱਤਰ ਸਰੂਪ ਦੇ ਨੇੜੇ ਡਿੱਗੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਗੁਰਪ੍ਰੀਤ ਤੇ ਉਸ ਦੇ ਭਰਾਵਾਂ ਨੇ ਪੁਲੀਸ ਨੂੰ ਸੂਚਿਤ ਕਰਨ ਦੀ ਬਜਾਏ ਕਥਿਤ ਤੌਰ ’ਤੇ ਰਾਜੂ ਦੀ ਮੌਕੇ ਤੋਂ ਭੱਜਣ ਵਿੱਚ ਮਦਦ ਕੀਤੀ। ਘਟਨਾ ਅੱਜ ਸਵੇਰ ਉਦੋਂ ਸਾਹਮਣੇ ਆਈ ਜਦੋਂ ਗ੍ਰੰਥੀ ਨੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ। ਸਤਿਕਾਰ ਕਮੇਟੀ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਚਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਡੀ ਐੱਸ ਪੀ ਨੇ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਵਿਰੁੱਧ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਦੇ ਪਿੱਛੇ ਅਸਲ ਕਾਰਨਾਂ ਦਾ ਪਤਾ ਲਗਾਉਣ ਵਿੱਚ ਪੁਲੀਸ ਹੋਰ ਜਾਂਚ ਕਰ ਰਹੀ ਹੈ।
