ਪਰਵਾਸੀ ਜੋੜੇ ਦੀ ਕੁੱਟਮਾਰ ਕਰਨ ਵਾਲੇ ਤਿੰਨ ਗ੍ਰਿਫ਼ਤਾਰ
ਅਮਲੋਹ ਦੇ ਵਾਰਡ ਨੰਬਰ 6 ਵਿੱਚ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਵੱਲੋਂ ਪਰਵਾਸੀ ਜੋੜੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ। ਇਸ ਮਗਰੋਂ ਹਰਕਤ ਵਿੱਚ ਆਉਂਦਿਆਂ ਪੁਲੀਸ ਨੇ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਪ ਪੁਲੀਸ ਕਪਤਾਨ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਲੜਕਾ ਅਮਲੋਹ ਦਾ ਹੀ ਵਸਨੀਕ ਹੈ। ਉਸ ਨੇ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਲੜਕੇ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਨਾਜ਼ੁਕ ਹਾਲਤ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਛੇ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲੋਕਾਂ ਵੱਲੋਂ ਇਸ ਘਟਨਾ ਨੂੰ ਪਰਵਾਸੀ ਬਨਾਮ ਪੰਜਾਬੀ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਪੁਲੀਸ ਅਧਿਕਾਰੀ ਨੇ ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟਨਾ ਨੂੰ ਪਰਵਾਸੀ ਬਨਾਮ ਪੰਜਾਬੀ ਦੇ ਕੋਣ ਨਾਲ ਜੋੜ ਕੇ ਨਾ ਦੇਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਘਟਨਾ ਸਬੰਧੀ ਕਿਸੇ ਨੇ ਨਫ਼ਰਤੀ ਭਾਸ਼ਣ ਜਾਂ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।