ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੁਲੀਸ ਚੌਕੀਆਂ ’ਤੇ ਹਮਲਾ ਕਰਨ ਵਾਲੇ ਤਿੰਨ ਗ੍ਰਿਫ਼ਤਾਰ

ਅਤਿਵਾਦੀ ਹਰਵਿੰਦਰ ਰਿੰਦਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ ਮੁਲਜ਼ਮ; ਹੋਰ ਚੌਕੀਆਂ ’ਤੇ ਹਮਲੇ ਕਰਨ ਦੀ ਸੀ ਤਿਆਰੀ
ਪੁਲੀਸ ਵੱਲੋਂ ਬਰਾਮਦ ਕੀਤੇ ਗਏ ਹਥਿਆਰ।
Advertisement

ਪੰਜਾਬ ਪੁਲੀਸ ਨੇ ਵਿਦੇਸ਼ੀ ਹੈਂਡਲਰ ਮਨਿੰਦਰ ਬਿੱਲਾ ਅਤੇ ਮਨੂ ਅਗਵਾਨ ਵੱਲੋਂ ਚਲਾਏ ਜਾ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪਟਿਆਲਾ ਦੇ ਬਾਦਸ਼ਾਹਪੁਰ ਅਤੇ ਹਰਿਆਣਾ ਦੇ ਅਜ਼ੀਮਗੜ੍ਹ ਵਿੱਚ ਪੁਲੀਸ ਚੌਕੀਆਂ ’ਤੇ ਗਰਨੇਡ ਹਮਲੇ ਕਰਨ ਦੀਆਂ ਘਟਨਾਵਾਂ ਵਿੱਚ ਸ਼ਾਮਲ ਸਨ। ਇਨ੍ਹਾਂ ਕੋਲੋਂ ਦੋ ਪਿਸਤੌਲਾਂ ਸਣੇ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਅਪਰੇਸ਼ਨ ਕਾਊਂਟਰ ਇੰਟੈਲੀਜੈਂਸ (ਸੀਆਈ) ਪਟਿਆਲਾ ਅਤੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐੱਸਐੱਸਓਸੀ) ਐੱਸਏਐੱਸ ਨਗਰ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਗਿਆ। ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਦੀਪੂ ਵਾਸੀ ਬਾਦਸ਼ਾਹਪੁਰ (ਪਟਿਆਲਾ), ਹਰਪ੍ਰੀਤ ਸਿੰਘ ਵਾਸੀ ਹਰਚੰਦਪੁਰਾ (ਪਟਿਆਲਾ) ਤੇ ਹਰਮਨਪ੍ਰੀਤ ਸਿੰਘ ਵਾਸੀ ਗੁਰਦਿਆਲਪੁਰਾ (ਪਟਿਆਲਾ) ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਪਹਿਲੀ ਅਪਰੈਲ ਨੂੰ ਪਟਿਆਲਾ ਵਿਚਲੀ ਬਾਦਸ਼ਾਹਪੁਰ ਪੁਲੀਸ ਚੌਕੀ ਅਤੇ 6 ਅਪਰੈਲ ਨੂੰ ਹਰਿਆਣਾ ਵਿਚਲੀ ਅਜ਼ੀਮਗੜ੍ਹ ਚੌਕੀ ’ਤੇ ਗਰਨੇਡ ਹਮਲੇ ਹੋਏ ਸਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਬੀਕੇਆਈ ਦੇ ਕਾਰਕੁਨਾਂ ਹੈਪੀ ਪਾਸੀਆ, ਮਨੂ ਅਗਵਾਨ ਅਤੇ ਗੋਪੀ ਨਵਾਂਸ਼ਹਿਰੀਆ ਨੇ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਕਾਰਵਾਈਆਂ ਦੀ ਜ਼ਿੰਮੇਵਾਰੀ ਲਈ ਸੀ। ਡੀਜੀਪੀ ਨੇ ਕਿਹਾ ਕਿ ਦੋਵੇਂ ਹੈਂਡਲਰ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮਾਡਿਊਲ, ਪੰਜਾਬ ਵਿੱਚ ਪੁਲੀਸ ਅਦਾਰਿਆਂ ’ਤੇ ਹੋਰ ਹਮਲਿਆਂ ਦੀ ਸਰਗਰਮੀ ਨਾਲ ਯੋਜਨਾ ਬਣਾ ਰਿਹਾ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਪਟਿਆਲਾ ਦੀ ਏਆਈਜੀਸੀਆਈ ਡਾ. ਸਿਮਰਤ ਕੌਰ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਹੈ ਕਿ ਦੋਵਾਂ ਪੁਲੀਸ ਅਦਾਰਿਆਂ ’ਤੇ ਹਮਲਿਆਂ ਦੀ ਯੋਜਨਾ ਉਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੇ ਬਣਾਈ ਸੀ, ਜੋ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੇ ਬਾਦਸ਼ਾਹਪੁਰ ਹਮਲੇ ਵਿੱਚ ਸ਼ਾਮਲ ਹੋਣ ਬਦਲੇ ਸੰਦੀਪ ਸਿੰਘ ਉਰਫ਼ ਦੀਪੂ ਨੂੰ 3-4 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜਦਕਿ ਹਰਮਨਪ੍ਰੀਤ ਸਿੰਘ ਨੂੰ ਅਜ਼ੀਮਗੜ੍ਹ ਹਮਲੇ ਵਿੱਚ ਸਾਥ ਦੇਣ ਲਈ 10,000 ਰੁਪਏ ਦਿੱਤੇ ਸਨ।

Advertisement
Advertisement