ਖ਼ਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ਹੇਠ ਤਿੰਨ ਮੁਲਜ਼ਮ ਗ੍ਰਿਫ਼ਤਾਰ
ਵਿਧਾਇਕ ਪੰਡੋਰੀ ਦੇ ਘਰ ਦੀ ਕੰਧ ’ਤੇ ਲਿਖੇ ਸਨ ਨਾਅਰੇ; ਵਿਧਾਇਕ ਦੇ ਗੰਨਮੈਨ ਦੇ ਬਿਆਨ ’ਤੇ ਹੋਇਆ ਸੀ ਕੇਸ ਦਰਜ
Advertisement
ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 15 ਅਗਸਤ ਵਾਲੇ ਦਿਨ ਮਹਿਲ ਕਲਾਂ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਘਰ ਦੀ ਕੰਧ ’ਤੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ 72 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਵਿਧਾਇਕ ਪੰਡੋਰੀ ਦੇ ਗੰਨਮੈਨ ਹਰਦੀਪ ਸਿੰਘ ਦੇ ਬਿਆਨ ’ਤੇ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚ ਗੁਰਮੀਤ ਸਿੰਘ ਉਰਫ਼ ਟਾਂਡੀ, ਗੁਰਸਵੇਕ ਸਿੰਘ ਉਰਫ਼ ਮਨੀ (ਦੋਵੇਂ ਦਿਹਾੜੀਦਾਰ ਮਜ਼ਦੂਰ) ਅਤੇ ਕਿਰਪਾ ਸਿੰਘ ਵਾਸੀ ਮਹਿਲ ਖੁਰਦ ਸ਼ਾਮਲ ਹਨ। ਕਿਰਪਾ ਸਿੰੰਘ ਤਿੰਨ ਸਾਲਾਂ ਤੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਲੱਡਾ (ਸੰਗਰੂਰ) ਵਿੱਚ ਗ੍ਰੰਥੀ ਹੈ। ਉਨ੍ਹਾਂ ਦੱਸਿਆ ਕਿ ਕਿ ਤਿੰਨੋਂ ਮੁਲਜ਼ਮਾਂ ਨੂੰ ਅਮਰੀਕਾ ਰਹਿੰਦੇ ਸੁਰਿੰਦਰ ਸਿੰਘ ਠੀਕਰੀਵਾਲਾ ਨੇ ਪੈਸਿਆਂ ਦਾ ਲਾਲਚ ਦੇ ਕੇ ਨਾਅਰੇ ਲਿਖਵਾਏ। ਠੀਕਰੀਵਾਲਾ ਨੂੰ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਵਾਸੀ ਕਾਂਝਲਾ ਪਿੰਡ ਮਹਿਲ ਖੁਰਦ ਦੇ ਵੱਡੇ ਗੁਰਦੁਆਰੇ ਵਿੱਚ ਗਤਕੇ ਦੀ ਸਿਖਲਾਈ ਦਿੰਦਾ ਸੀ। ਗੁਰਮੀਤ ਸਿੰਘ ਟਾਂਡੀ ਵੀ ਉਸ ਕੋਲ ਗੱਤਕਾ ਸਿੱਖਦਾ ਸੀ। ਇਸੇ ਦੌਰਾਨ ਕੁਲਵੰਤ ਸਿੰਘ ਦਾ ਸੰਪਰਕ ਠੀਕਰੀਵਾਲਾ ਨਾਲ ਹੋਇਆ ਜੋ ਉਸ ਵੇਲੇ ਪਿੰਡਾਂ ’ਚ ਗਤਕਾ ਸਿਖਲਾਈ ਦੇ ਕੈਂਪ ਲਗਵਾਉਂਦਾ ਸੀ। ਇਸੇ ਦੌਰਾਨ ਹੀ ਗੁਰਮੀਤ ਸਿੰਘ ਵੀ ਠੀਕਰੀਵਾਲਾ ਦੇ ਸੰਪਰਕ ’ਚ ਆ ਗਿਆ। ਪੁਲੀਸ ਮੁਖੀ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਗੁਰਸੇਵਕ ਸਿੰਘ ਦੇ ਭੂਆ ਦੇ ਮੁੰਡੇ ਜਸਪ੍ਰੀਤ ਸਿੰਘ ਵਾਸੀ ਮੁੱਲਾਂਪੁਰ ਜੋ ਬਿਜਲੀ ਦੀ ਦੁਕਾਨ ਕਰਦਾ ਹੈ ਦੇ ਖਾਤੇ ’ਚ 20 ਹਜ਼ਾਰ ਰੁਪਏ ਪਾਏ। ਠੀਕਰੀਵਾਲਾ ਨੇ ਦੋਵੇਂ ਮੁਲਜ਼ਮਾਂ ਨੂੰ ਨਿਹੰਗ ਬਾਣੇ ਪਾ ਕੇ ਘਟਨਾ ਨੂੰ ਅੰਜਾਮ ਦੇਣ ਲਈ ਕਿਹਾ ਸੀ। ਮੁਲਜ਼ਮਾਂ ਕੋਲੋਂ ਘਟਨਾ ’ਚ ਵਰਤਿਆ ਮੋਟਰਸਾਈਕਲ, ਦੋ ਸਪਰੇਅ ਕੈਨ ਖਾਲੀ, ਇੱਕ ਕੈਨ ਭਰਿਆ, ਪੰਜ ਮੋਬਾਈਲ ਫੋਨ ਅਤੇ ਨਿਹੰਗ ਬਾਣੇ ਵਾਲੇ ਦੋ ਚੋਲੇ ਅਤੇ ਦੁਮਾਲੇ ਬਰਾਮਦ ਹੋਏ। ਉਨ੍ਹਾਂ ਦੱਸਿਆ ਮੁਲਜ਼ਮ ਸੁਰਿੰਦਰ ਸਿੰਘ ਠੀਕਰੀਵਾਲਾ ’ਤੇ 15 ਅਤੇ ਗੁਰਮੀਤ ਸਿੰਘ ’ਤੇ ਇੱਕ ਕੇਸ ਦਰਜ ਹੈ।
Advertisement
Advertisement