ਪੰਜਾਬ ’ਚ ਹਜ਼ਾਰਾਂ ਖਪਤਕਾਰਾਂ ਨੇ ਬਿਜਲੀ ਦੇ ਪ੍ਰੀਪੇਡ ਮੀਟਰ ਲਾਹੇ
ਕਿਸਾਨ ਮਜ਼ਦੂਰ ਮੋਰਚਾ (ਕੇ ਐੱਮ ਐੱਮ) ਵੱਲੋਂ ਬਿਜਲੀ ਵਿਭਾਗ ਦੇ ਨਿੱਜੀਕਰਨ ਵਿਰੁੱਧ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਕੇ ਐੱਮ ਐੱਮ ਦੇ ਸੱਦੇ ’ਤੇ ਪੰਜਾਬ ਦੇ 16 ਜ਼ਿਲ੍ਹਿਆਂ ’ਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਖਪਤਕਾਰਾਂ ਦੀ ਸਹਿਮਤੀ ਨਾਲ 8 ਤੇ 9 ਦਸੰਬਰ ਨੂੰ ਬਿਜਲੀ ਦੇ ਪ੍ਰੀਪੇਡ ਮੀਟਰ ਉਤਾਰੇ ਗਏ ਤੇ ਅੱਜ ਪਾਵਰਕੌਮ ਦੇ ਦਫ਼ਤਰਾਂ ’ਚ ਜਮ੍ਹਾਂ ਕਰਵਾਏ ਗਏ।
ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਸਣੇ ਹੋਰ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਅੱਜ ਜਦੋਂ ਪੰਜਾਬ ਦੇ ਹਜ਼ਾਰਾਂ ਖਪਤਕਾਰ ਪਾਵਰਕੌਮ ਦਫ਼ਤਰਾਂ ’ਚ ਮੀਟਰ ਜਮ੍ਹਾਂ ਕਰਵਾਉਣ ਪਹੁੰਚੇ ਤਾਂ ਜ਼ਿਆਦਾਤਰ ਦਫ਼ਤਰਾਂ ’ਚੋਂ ਅਧਿਕਾਰੀ ਗ਼ੈਰ-ਹਾਜ਼ਰ ਸਨ, ਜਿਸ ਕਾਰਨ ਖਪਤਕਾਰ ਅਫ਼ਸਰਾਂ ਦੇ ਦਫ਼ਤਰਾਂ ’ਚ ਮੀਟਰ ਰੱਖ ਕੇ ਬਿਨਾਂ ਕੋਈ ਰਸੀਦ ਲਏ ਵਾਪਸ ਆ ਗਏ। ਅੱਜ ਸੂਬੇ ਵਿੱਚ 4 ਹਜ਼ਾਰ ਤੋਂ ਵੱਧ ਖਪਤਕਾਰਾਂ ਨੇ ਆਪਣੇ ਬਿਜਲੀ ਮੀਟਰ ਜਮ੍ਹਾਂ ਕਰਵਾਏ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਪ੍ਰੀਪੇਡ ਮੀਟਰ ਲੱਗਣ ਤੋਂ ਬਾਅਦ ਲੋਕਾਂ ਦੇ ਬਿੱਲ ਆਮ ਨਾਲੋਂ ਵੱਧ ਆਏ ਹਨ। ਇਸ ਨਾਲ ਹੀ ਕਿਸਾਨਾਂ ਤੇ ਮਜ਼ਦੂਰਾਂ ਨੇ ਪ੍ਰੀਪੇਡ ਮੀਟਰਾਂ ਦਾ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਤੇ ਕੇਂਦਰ ਸਰਕਾਰਾਂ ਆਪਸੀ ਮਿਲੀਭੁਗਤ ਨਾਲ ਬਿਜਲੀ ਅਦਾਰਿਆਂ ਦਾ ਨਿੱਜੀਕਰਨ ਕਰ ਰਹੀਆਂ ਹਨ। ਇਸੇ ਕਾਰਨ ਬਿਜਲੀ ਦੇ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਲੋਕਾਂ ਦੇ ਪਹਿਲਾਂ ਵਾਂਗ ਹੀ ਬਿਜਲੀ ਦੇ ਮੀਟਰ ਲਗਾਵੇ।
